ਵਿਧਾਇਕਾਂ ਕਾਕਾ ਲੋਹਗੜ,ਦਰਸ਼ਨ ਬਰਾੜ,ਡਾ: ਹਰਜੋਤ ਕਮਲ ਅਤੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੌਂਸਲ ਚੋਣਾਂ ’ਚ ਕਾਂਗਰਸ ਨੂੰ ਦਿੱਤੇ ਫਤਵੇ ਲਈ ਕੀਤਾ ਧੰਨਵਾਦ

ਮੋਗਾ,18 ਦਸੰਬਰ (ਜਸ਼ਨ)-ਅੱਜ ਰੈਸਟ ਹਾੳੂਸ  ਮੋਗਾ ਵਿਖੇ ਜ਼ਿਲਾ ਮੋਗਾ ਦੇ ਅਹਿਮ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਮੌਕੇ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਲੋਕਾਂ ਵੱਲੋਂ ਦਿੱਤੇ ਭਰਵੇਂ ਹੰੁਗਾਰੇ ’ਤੇ ਖੁਸ਼ੀ ਪ੍ਰਗਟ ਕੀਤੀ ਗਈ । ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਵਿਧਾਇਕ ਦਰਸ਼ਨ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਇਸ ਮੌਕੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਪਹਿਲਾਂ ਰਾਹੁਲ ਗਾਂਧੀ ਦੇ ਕੌਮੀ ਪ੍ਰਧਾਨ ਬਣਨ ’ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਉਪੰਰਤ ਮੋਗਾ ਜ਼ਿਲੇ ਅੰਦਰ ਕਸਬਾ ਫਤਿਹਗੜ ਪੰਜਤੂਰ ਅਤੇ ਧਰਮੋਕਟ ਵਿੱਚ ਹੋਈਆ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮਿਲੀ ਵੱਡੀ ਜਿੱਤ ’ਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਕਿਹਾ ਕਿ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਅਕਾਲੀ ਦਲ ਨੂੰ  ਪਾਸੇ ਕਰਕੇ ਕਾਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦਿੰਦਿਆਂ ਪੂਰੇ ਪੰਜਾਬ ਵਿਚ ਹੋਈਆਂ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ’ਚ ਵੱਡੀ ਲੀਡ ਦਿੱਤੀ ਹੈ । ਕਾਕਾ ਲੋਹਗੜ ਨੇ ਆਖਿਆ ਕਿ ਲੋਕਾਂ ਵੱਲੋਂ ਦਿੱਤੇ ਇਸ ਪਿਆਰ ਅਤੇ ਪਾਰਟੀ ਪ੍ਰਤੀ ਜਤਾਏ ਵਿਸ਼ਵਾਸ਼ ਦਾ ਮੁੱਲ ਅਸੀਂ ਵਿਕਾਸ ਕਰਵਾ ਕੇ ਮੋੜਾਂਗੇ। ਇਸ ਮੌਕੇ ਹਲਕਾ ਵਿਧਾਇਕ ਨੇ ਵਿਰੋਧੀਆਂ ਨਾਲ ਮਿਲਕੇ ਚੱਲਣ ਵਾਲੇ ਕਾਂਗਰਸੀ ਆਗੂ ਕੁਲਦੀਪ ਸਿੰਘ ਢੋਸ ’ਤੇ ਵਰਦਿਆਂ ਕਿਹਾ ਕਿ ਢੋਸ ਵੱਲੋਂ ਅਪਣਾਈ ਜਾ ਰਹੀ ਦੋਗਲੀ ਨੀਤੀ ਸੰਬਧੀ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਲਿਖਤੀ ਤੌਰ ’ਤੇ  ਸੂਚਿਤ ਕਰਨ ਅਤੇ ਅਜਿਹੇ ਆਗੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਵੀ ਰੱਖੀ ਹੈ ਤਾਂ ਜੋ ਅਜਿਹੇ ਆਗੂਆ ਦੇ ਕਾਰਨ ਭਵਿੱਖ ਵਿਚ ਪਾਰਟੀ ਦਾ ਕੋਈ ਨੁਕਸਾਨ ਨਾ ਹੋਵੇ । ਕਾਕਾ ਲੋਹਗੜ ਨੇ ਆਖਿਆ ਕਿ ਉਹਨਾਂ ਦਾ ਮੁੱਖ ਟੀਚਾ 2019 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਹੈ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਜੇ ਹਾਈਕਮਾਂਡ ਢੋਸ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹਨਾਂ ਦਾ ਕੀ ਰੁੱਖ ਹੋਵੇਗਾ ਦੇ ਜਵਾਬ ਵਿਚ ਕਾਕਾ ਲੋਹਗੜ ਨੇ ਆਖਿਆ ਕਿ ਪਾਰਟੀ ਸੁਪਰੀਮ ਹੈ ਅਤੇ ਉਹ ਹਾਈ ਕਮਾਂਡ ਦਾ ਸਤਿਕਾਰ ਕਰਦਿਆਂ ਹਰ ਹੁਕਮ ਸਿਰ ਮੱਥੇ ਮੰਨਣਗੇ। ਉਹਨਾਂ ਸਪੱਸ਼ਟ ਆਖਿਆ ਕਿ ਚੋਣਾਂ ਦੌਰਾਨ ਕੁਲਦੀਪ ਸਿੰਘ ਢੋਸ ਦੀਆਂ ਅਕਾਲੀ ਆਗੂਆਂ ਨਾਲ ਫੋਟੋਆਂ ਵੀ ਕਰਨਲ ਬਾਬੂ ਸਿੰਘ ਵੱਲੋਂ ਭੇਜੀ ਰਿਪੋਰਟ ਨਾਲ ਭੇਜ ਦਿੱਤੀਆਂ ਗਈਆਂ ਹਨ । ਉਹਨਾਂ ਦੋਸ਼ ਲਾਇਆ ਕਿ ਢੋਸ ਨੇ ਜਥੇਦਾਰ ਤੋਤਾ ਸਿੰਘ ਅਤੇ ਕਾਮਰੇਡ ਸੂਰਤ ਸਿੰਘ ਨਾਲ ਬਗਲਗੀਰ ਹੋ ਕੇ ਕੌਂਸਲ ਚੋਣ ਲੜੀ ਪਰ ਤਿੰਨਾਂ ਨੂੰ ਸਿਰਫ ਇਕ ਹੀ ਸੀਟ ਨਸੀਬ ਹੋਈ। ਉਹਨਾਂ ਇਹ ਵੀ ਇੰਕਸ਼ਾਫ਼ ਕੀਤਾ ਕਿ ਸ੍ਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਏਕਾ ਕਰਵਾਏ ਜਾਣ ਦੇ ਬਾਵਜੂਦ ਢੋਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੀ ਧਰਮਕੋਟ ਹਲਕੇ ਵਿਚ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਪਰ ਉਹ ਉਸ ਸਮੇਂ ਪਾਰਟੀ ਹਿਤਾਂ ਕਰਕੇ ਚੁੱਪ ਰਹੇ ਪਰ ਹੁਣ ਢੋਸ ਵੱਲੋਂ ਸ਼ਰੇਆਮ ਉਮੀਦਵਾਰ ਖੜੇ ਕਰਨ ਨਾਲ ਤਸਵੀਰ ਸਭ ਦੇ ਸਾਹਮਣੇ ਆ ਗਈ ਹੈ। ਉਹਨਾਂ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਮੰਗ ਕੀਤੀ ਕਿ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਅਧਾਰਹੀਣ ਆਗੂਆਂ ਨੂੰ ਪਾਰਟੀ ਤੋਂ ਲਾਂਭੇ ਕੀਤਾ ਜਾਵੇ। ਕਾਕਾ ਲੋਹਗੜ ਨੇ ਆਖੀਰ ਵਿਚ ਧਰਮਕੋਟ ਅਤੇ ਫਤਿਹਗੜ ਪੰਜਤੂਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਵੱਲੋਂ ਦਿੱਤੇ ਵੱਡੇ ਫਤਵੇ ਲਈ ਉਹ ਸਦਾ ਰਿਣੀ ਰਹਿਣਗੇ ਅਤੇ ਉਹਨਾਂ ਦਾ ਸਮੁੱਚਾ ਪਰਿਵਾਰ ਚੁਣੇ ਕੌਂਸਲਰਾਂ ਦੀ ਸਹਾਇਤਾ ਨਾਲ ਸਮੁੱਚੇ ਇਲਾਕੇ ਦਾ ਵਿਕਾਸ ਕਰਵਾਵੇਗਾ। ਇਸ ਮੌਕੇ ਡਾ: ਹਰਜੋਤ ਕਮਲ ਨੇ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਚੋਣਾਂ ’ਚ ਕਾਂਗਰਸ ਵੱਲੋਂ ਹੂੰਝਾ ਫੇਰ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਅਕਾਲੀਆਂ ਵਲੋਂ ਲਗਾਤਾਰ ਲੋਕਾਂ ਦੀ ਲੁੱਟ ਘਸੁੱਟ ਕੀਤੀ ਗਈ ਜਿਸ ਦਾ ਖਮਿਆਜ਼ਾ ਉਹਨਾਂ ਨੂੰ ਚੋਣਾਂ ਵਿਚ ਮਿਲੀ ਹਾਰ ਨਾਲ ਭੁਗਤਣਾ ਪੈ ਰਿਹਾ ਹੈ। ਉਹਨਾਂ ਵੋਟਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਕਾਂਗਰਸ ਪਾਰਟੀ ਵਿਚ ਵਿਸ਼ਵਾਸ਼ ਪ੍ਰਗਟ ਕੀਤਾ ਹੈ । ਉਹਨਾਂ ਇਸ ਜਿੱਤ ’ਤੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਦਰਸ਼ਨ ਬਰਾੜ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਡਾ: ਤਾਰਾ ਸਿੰਘ ਸੰਧੂ ਨੇ ਆਖਿਆ ਕਿ ਚੋਣ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਅਜੇ ਅਕਾਲੀ ਭਾਜਪਾ ਗੱਠਜੋੜ ਦੇ ਜ਼ੁਲਮੋਂ ਸਿਤਮ ਭੁੱਲ ਨਹੀਂ ਪਾਏ ,ਇਸ ਕਰਕੇ ਉਹ ਪੰਜਾਬ ਦੀ ਲੋਟੂ ਪਾਰਟੀ ਅਕਾਲੀ ਦਲ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ। ਇਸ ਮੌਕੇ ਉਪਿੰਦਰ ਗਿੱਲ,ਇੰਦਰਜੀਤ ਸਿੰਘ,ਮਨਰਾਜ ਸਿੰਘ ਸਮਰਾ ਯੂ ਐੱਸ ਏ, ਰਾਮਪਾਲ ਧਵਨ,ਅਸ਼ੋਕ ਕਾਲੀਆ ,ਸਾਬਕਾ ਪ੍ਰਧਾਨ ਗੁਰਬਚਨ ਸਿੰਘ ਬਰਾੜ ਤੋਂ ਇਲਾਵਾ ਕਾਂਗਰਸੀ ਆਗੂ ਹਾਜ਼ਰ ਸਨ। ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਫਤਿਹਗੜ ਪੰਜਤੂਰ ਤੋਂ ਜੇਤੂ ਕੌਂਸਲਰ ਅਤੇ ਕਾਂਗਰਸੀ ਆਗੂ ਅਮਨਦੀਪ ਸਿੰਘ ਗਿੱਲ,ਨਰੇਸ਼ ਕੁਮਾਰ , ਗੱਜਣ ਨੱਢਾ,ਸਵਰਨ ਸਿੰਘ ਗਿੱਲ ,ਬੋਹੜ ਸਿੰਘ,ਡਾ: ਲਛਮਣ ,ਜਸਵੰਤ ਸਿੰਘ ,ਜਗਤਾਰ ਸਿੰਘ,ਬਲਜੀਤ ਸਿੰਘ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਧਰਮਕੋਟ ਤੋਂ ਕੌਂਸਲਰ ਇੰਦਰਪ੍ਰੀਤ ਸਿੰਘ ਬੰਟੀ, ਗੁਰਪਿੰਦਰ ਸਿੰਘ ਚਾਹਲ,ਗੁਰਮੀਤ ਸਿੰਘ ਮਖੀਜਾ, ਜਸਪ੍ਰੀਤ ਕੌਰ,ਗੁਰਮੇਲ ਕੌਰ ,ਕਿ੍ਰਸ਼ਨ ਹਾਂਸ, ਅਮਰਜੀਤ ਸਿੰਘ,ਮਨਜੀਤ ਸਿੰਘ ਸਭਰਾਂ ,ਹਰਜੀਤ ਕੌਰ ,ਬਲਰਾਜ ਸਿੰਘ ਕਲਸੀ,ਸੁਖਦੇਵ ਸਿੰਘ ਸ਼ੇਰਾ,ਨਿਰਮਲ ਸਿੰਘ ਸਿੱਧੂ ਆਦਿ ਹਾਜ਼ਰ ਸਨ।