ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੀ ਅਗਵਾਈ ’ਚ ਨਗਰ ਕੌਂਸਲ ਧਰਮਕੋਟ ਦੀਆ ਚੋਣਾਂ ‘ਚ ਕਾਂਗਰਸ ਪਾਰਟੀ ਦੀ ਹੂੰਝਾਫੇਰ ਜਿੱਤ

ਧਰਮਕੋਟ 17 ਦਸੰਬਰ (ਜਸ਼ਨ) - ਅੱਜ ਧਰਮਕੋਟ ਨਗਰ ਕੌਂਸਲ ਚੋਣਾ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜਿਆ। ਸ਼ਹਿਰ ਦੇ ਕੁੱਲ 13 ਵਾਰਡਾਂ ਵਿਚੋਂ ਕਾਂਗਰਸ ਨੇ 11 ਵਾਰਡਾਂ ਵਿਜ ਜਿੱਤ ਪ੍ਰਾਪਤ ਕਰਕੇ ਜਿਥੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਹਲਕੇ ਦਾ ਹਰਮਨ ਪਿਆਰਾ ਨੇਤਾ ਸਿੱਧ ਕੀਤਾ ਹੈ ਉੱਥੇ ਅਮਨ ਅਮਾਨ ਨਾਲ ਹੋਈਆਂ ਵੋਟਾਂ ਉਪਰੰਤ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਸਦਕਾ ਕਾਕਾ ਲੋਹਗੜ ਦਾ ਸਿਆਸੀ ਕੱਦ ਹੋਰ ਉੱਚਾ ਹੋ ਗਿਆ ਹੈ ।
‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਆਖਿਆ ਕਿ ਇਹ ਜਿੱਤ ਲੋਕਾਂ ਦੇ ਕਾਂਗਰਸ ਪਾਰਟੀ ਪ੍ਰਤੀ ਪਿਆਰ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਭਲਾਈ ਨੀਤੀਆਂ ਕਰਕੇ ਸੰਭਵ ਹੋਈ ਹੈ । ਜਿਕਰਯੋਗ ਹੈ ਕਿ ਧਰਮਕੋਟ ਦੇ 2 ਵਾਰਡਾਂ ’ਚੋਂ ਕਾਂਗਰਸ ਦੇ ਉਮੀਦਵਾਰ ਇੰਦਰਪ੍ਰੀਤ ਸਿੰਘ ਬੰਟੀ ਵਾਰਡ ਨੰਬਰ 12 ਅਤੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸਚਿਨ ਟੰਡਨ ਵਾਰਡ ਨੰਬਰ 2 ਨਿਰਵਿਰੋਧ ਚੁੱਣੇ ਜਾ ਚੁੱਕੇ ਹਨ । ਅੱਜ ਧਰਮਕੋਟ ਦੇ 11 ਵਾਰਡਾਂ ਲਈ ਪੋਲਿੰਗ ਹੋਈ ,ਪੋਲਿੰਗ ਬੂਥਾਂ ਤੇ ਪੁਲਿਸ ਵਲੋਂ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ ਅਤੇ ਸ਼ਹਿਰ ਨਿਵਾਸੀਆ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਸੀ । ਸ਼ਾਮ 4 ਵਜੇ ਤੱਕ 73.74 ਫੀਸਦੀ ਵੋਟਾਂ ਪੋਲ ਹੋਈਆ ਅਤੇ ਪੋਲਿੰਗ ਤੋਂ ਬਾਅਦ ਚੋਣਾ ਦੇ ਨਤੀਜੇ ਐਲਾਨੇ ਗਏ, ਜਿਸ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਸਫਲਤਾ ਮਿਲੀ। ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ ਵਲੋਂ ਖੜੇ ਕੀਤੇ ਗਏ ਕਾਂਗਰਸੀ ਉਮੀਦਵਾਰਾਂ ’ਚ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ਨੇ ਅਕਾਲੀ ਦਲ ਦੀ ਨਵਨੀਤ ਕੌਰ ਨੂੰ 63 ਵੋਟਾਂ ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਨਵਨੀਤ ਕੌਰ ਧਰਮਕੋਟ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਿੱਕੀ ਦੇ ਮਾਤਾ ਹਨ। ਵਾਰਡ ਨੰਬਰ 3 ‘ਚ ਕਾਂਗਰਸ ਪਾਰਟੀ ਦੀ ਗੁਰਮੇਲ ਕੌਰ ਨੇ ਅਕਾਲੀ ਦਲ ਦੀ ਉਮੀਦਵਾਰ ਨੂੰ 140 ਵੋਟਾਂ ਨਾਲ ਹਰਾਇਆ, ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਕਿਸ਼ਨ ਕੁਮਾਰ ਹਾਂਸ 119 ਵੋਟਾਂ ਨਾਲ ਜੇਤੂ ਰਹਿੰਦਿਆਂ ਅਕਾਲੀ ਦਲ ਅਤੇ ਅਜ਼ਾਦ ਉਮੀਦਵਾਰ ਨੂੰ ਹਰਾਇਆ। ਵਾਰਡ ਨੰਬਰ 6 ਤੋਂ ਅਮਰਜੀਤ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 85 ਵੋਟਾਂ ਨਾਲ ਜੇਤੂ ਰਹਿੰਦਿਆਂ ਅਕਾਲੀ ਦਲ ਅਤੇ ਅਜ਼ਾਦ ਉਮੀਦਵਾਰ ਨੂੰ ਹਰਾਇਆ। ਵਾਰਡ ਨੰਬਰ 8 ਤੋਂ ਮਨਜੀਤ ਸਿੰਘ ਸਭਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 174 ਵੋਟਾਂ ਦੇ ਫਰਕ ਨਾਲ ਅਜ਼ਾਦ ਉਮੀਦਵਾਰ ਨੂੰ ਹਰਾਇਆ। ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਹਰਜੀਤ ਕੌਰ 256 ਵੋਟਾਂ ਨਾਲ ਜੇਤੂ ਰਹੀ ਉਸ ਨੇ ਅਜ਼ਾਦ ਉਮੀਦਵਾਰ ਨੂੰ ਹਰਾਇਆ। ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਗੁਰਮੀਤ ਸਿੰਘ ਮਖੀਜਾ ਸਭ ਤੋਂ ਵੱਧ 682 ਵੋਟਾਂ ਨਾਲ ਜੇਤੂ ਰਹੇ ਉਨਾਂ ਨੇ ਭਾਜਪਾ ਦੇ ਉਮੀਦਵਾਰ ਨਵਲ ਸੂਦ ਨੂੰ ਹਰਾਇਆ। ਵਾਰਡ ਨੰਬਰ 11 ਤੋਂ ਕਾਂਗਰਸ ਪਾਰਟੀ ਦੀ ਦਲੀਪ ਕੌਰ 294 ਵੋਟਾਂ ਨਾਲ ਜੇਤੂ ਰਹੀ ਉਨਾਂ ਨੇ ਅਜ਼ਾਦ ਉਮੀਦਵਾਰ ਨੂੰ ਹਰਾਇਆ। ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਗੁਰਪਿੰਦਰ ਸਿੰਘ ਪਿੰਦਰ ਚਾਹਲ ਨੇ 407 ਵੋਟਾਂ ਨਾਲ ਜਿੱਤ ਦਰਜ ਕਰਦਿਆਂ ਅਜ਼ਾਦ ਉਮੀਦਵਾਰ ਨੂੰ ਹਰਾਇਆ।


