ਸੈਰ ਕਰਨ ਗਏ ਸਾਬਕਾ ਫ਼ੌਜੀ ਦਾ ਭੇਦਭਰੇ ਹਾਲਾਤ ‘ ਚ ਕਤਲ

ਬਾਘਾ ਪੁਰਾਣਾ, 16 ਦਸੰਬਰ (ਜਸਵੰਤ ਗਿੱਲ)-ਪਿੰਡ ਮੋੜ ਨੌਂ ਅਬਾਦ ਨਿਵਾਸੀ ਗੁਰਬਚਨ ਸਿੰਘ (52) ਸਾਬਕਾ ਫੌਜੀ ਦੀ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਿ੍ਰਤਕ ਦੇ ਭਰਾ ਹਰਜੀਤ ਸਿੰਘ ਪੁੱਤਰ ਜਾਗੀਰ ਸਿੰਘ ਸਾਬਕਾ ਫੌਜੀ ਨੇ ਦੱਸਿਆ ਕਿ ਉਸਦਾ ਭਰਾ ਗੁਰਬਚਨ ਸਿੰਘ ਰੋਜਾਨਾ ਦੀ ਤਰਾਂ ਅੱਜ ਸਵੇਰੇ ਸੈਰ ਕਰਨ ਦੇ ਲਈ ਗਿਆ। ਉਹ ਕੁੱਝ ਸਮੇਂ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਦੇ ਲਈ ਗਿਆ ਤਾਂ ਮੈਂਨੂੰ ਪਿੰਡ ਦੇ ਸਰਪੰਚ ਹਰਨੇਕ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਨੂੰ ਕਿਸੇ ਨੇ ਬੁਰੀ ਤਰਾਂ ਨਾਲ ਮਾਰਕੁੱਟ ਕਰਕੇ ਜਖਮੀ ਕੀਤਾ ਹੈ ਅਤੇ ਉਹ ਡੇਰਾ ਬਾਬਾ ਕੋਰ ਨਾਥ ਦੇ ਰਸਤੇ ’ਚ ਇਕ ਪਾਣੀ ਵਾਲੇ ਨਾਲੇ ’ਚ ਉਲਟਾ ਪਿਆ ਹੈ, ਜਿਸ ਤੇ ਉਹ ਆਪਣੇ ਨਾਲ ਫੌਜੀ ਮਲਕੀਤ ਸਿੰਘ ਅਤੇ ਆਪਣੀ ਭਾਬੀ ਸੁਖਦੇਵ ਕੌਰ ਨੂੰ ਨਾਲ ਲੈ ਕੇ ਘਟਨਾ ਸਥਾਨ ਤੇ ਪਹੁੰਚਿਆ ਅਤੇ ਦੇਖਿਆ ਕਿ ਉਸਦੇ ਭਰਾ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ, ਜਿਸ ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਉਕਤ ਹੱਤਿਆ ਦੀ ਘਟਨਾ ਦਾ ਪਤਾ ਲੱਗਣ ਤੇ ਥਾਣਾ ਸਮਾਲਸਰ ਦੇ ਮੁਖੀ ਮੇਜਰ ਸਿੰਘ, ਸਹਾਇਕ ਥਾਣੇਦਾਰ ਰਾਜ ਸਿੰਘ, ਸਹਾਇਕ ਥਾਣੇਦਾਰ ਵਕੀਲ ਸਿੰਘ ਪੁਲਸ ਪਾਰਟੀ ਸਮੇਤ ਘਟਨਾਂ ਵਾਲੀ ਸਥਾਨ ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ, ਪਰ ਹੱਤਿਆ ਮਾਮਲੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਥਾਣਾ ਮੁਖੀ ਨੇ ਦੱਸਿਆ ਕਿ ਮਿ੍ਰਤਕ ਦੇ ਭਰਾ ਹਰਜੀਤ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਤਾਂ ਕਿ ਹੱਤਿਆ ਦਾ ਕੋਈ ਸੁਰਾਗ ਮਿਲ ਸਕੇ। ਉਨਾਂ ਕਿਹਾ ਕਿ ਘਟਨਾ ਸਥਾਨ ਦੇ ਆਸ ਪਾਸ ਦਾ ਨਿਰੀਖਣ ਕੀਤਾ ਗਿਆ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਉਨਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।


