ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ’ਚ ਲਿਖੀ ਜਾਵੇਗੀ ਨਵੇਂ ਭਾਰਤ ਦੀ ਇਬਾਰਤ - ਕਰਨਲ ਬਾਬੂ ਸਿੰਘ

ਮੋਗਾ, 11 ਦਸੰਬਰ(ਜਸ਼ਨ)- ਕਾਂਗਰਸ ਪਾਰਟੀ ਦੇ ਹਰ ਸਿਪਾਹੀ ਦੀਆਂ ਆਸਾਂ ਨੂੰ ਬੂਰ ਪਿਆ ਹੈ ਤੇ ਹੁਣ ਜਦੋਂ 16 ਦਸੰਬਰ ਨੂੰ ਸ਼੍ਰੀਮਤੀ ਸੋਨੀਆਂ ਗਾਂਧੀ ਰਾਹੁਲ ਨੂੰ ਬੈਟਨ ਸੌਂਪਣਗੇ ਤਾਂ ਨਵੇਂ ਭਾਰਤ ਦੀ ਇਬਾਰਤ ਲਿਖੀ ਜਾਣੀ ਆਰੰਭ ਹੋਵੇਗੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਉਪਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਅਤੇ ਜਗਸੀਰ ਸਿੰਘ ਸੀਰਾ ਲੰਢੇਕੇ ਵੀ ਹਾਜ਼ਰ ਸਨ। ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ 
ਰਾਹੁਲ ਗਾਂਧੀ ਨੂੰ ਨਿਰਵਿਰੋਧ ਪਾਰਟੀ ਪ੍ਰਧਾਨ ਚੁਣਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਪਾਰਟੀ ਦੇ ਰੂਹੇ-ਰਵਾਂ ਸ਼੍ਰੀਮਤੀ ਸੋਨੀਆਂ ਗਾਂਧੀ ਵੱਲੋਂ 19 ਸਾਲ ਪਾਰਟੀ ਪ੍ਰਧਾਨ ਵਜੋਂ ਕੀਤੀ ਅਗਵਾਈ ਸਦਕਾ ਨਾ ਸਿਰਫ ਦੇਸ਼ ਨੂੰ ਉੱਘੇ ਅਰਥਸ਼ਾਸ਼ਤਰੀ ਸ: ਮਨਮੋਹਨ ਸਿੰਘ ਵਰਗਾ ਕਾਬਲ ਪ੍ਰਧਾਨ ਮੰਤਰੀ ਨਸੀਬ ਹੋਇਆ ਬਲਕਿ ਸ਼੍ਰੀਮਤੀ ਸੋਨੀਆਂ ਗਾਂਧੀ ਦੀ ਦੇਖਰੇਖ ਵਿਚ ਪਲੇ ਅਤੇ ਪ੍ਰਵਾਨ ਚੜੇ ਸ੍ਰੀ ਰਾਹੁਲ ਗਾਂਧੀ ਵਿਚ ਵੀ ਸਮੇਂ ਨਾਲ ਬੇਹੱਦ ਪ੍ਰਪੱਕਤਾ ਆਈ ਹੈ ਅਤੇ ਭਾਰਤੀ ਰਾਜਨੀਤੀ ’ਤੇ ਉਹਨਾਂ ਦੀ ਪਕੜ ਮਜਬੂਤ ਹੋਣ ਸਦਕਾ ਹੁਣ ਕਾਂਗਰਸ ਵੱਲੋਂ ਰਾਹੁਲ ਦੀ ਅਗਵਾਈ ਵਿਚ ਮੋਦੀ ਦੇ ਘਰ ਗੁਜਰਾਤ ਵਿਚ ਹੋ ਰਹੀਆਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਮਜਬੂਤੀ ਨਾਲ ਨਰਿੰਦਰ ਮੋਦੀ ਦਾ ਗਲਬਾ ਖਤਮ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ। ਕਰਨਲ ਬਾਬੂ ਸਿੰਘ ਨੇ ਆਖਿਆ ਕਿ ਜਥੇਬੰਦਕ ਚੋਣਾਂ ਦੀ ਪਿਰਤ ਸ਼ੁਰੂ ਕਰਦਿਆਂ ਰਾਹੁਲ ਗਾਂਧੀ ਨੇ ਨੌਜਵਾਨ ਪੀੜੀ ਨੂੰ ਭਾਰਤੀ ਸਿਆਸਤ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦੇ ਕੇ ਦੇਸ਼ ਨੂੰ ਵਿਸ਼ਵ ਦਾ ਅੱਵਲ ਦਰਜੇ ਦਾ ਸ਼ਕਤੀਸ਼ਾਲੀ ਦੇਸ਼ ਬਣਾਉਣ ਲਈ ਨੀਂਹ ਰੱਖੀ ।


