ਲੋਕ ਸੇਵਾ ਭੁੱਲ ਪੁਲਿਸ ਬਣੀ ਸਿਆਸੀ ਲੋਕਾਂ ਦੀ ਗੁਲਾਮ

ਪੁਲਿਸ ਦੇ ਉੱਚ ਅਫਸਰਾਂ ਵੱਲੋਂ ਕੀਤੀਆਂ ਜਾਂਦੀਆਂ ਪਬਲਿਕ ਮੀਟਿੰਗਾਂ ਵਿੱਚ ਇਕੱਠ ਨੂੰ ਸੰਬੋਧਨ ਕਰਨ ਵਾਲੇ ਅਧਿਕਾਰੀ ਸਦਾ ਇਹੀ ਗੱਲ ਦੀ ਬੀਨ ਵਜਾਉਂਦੇ ਹਨ ਕਿ ਪੁਲਿਸ ਲੋਕਾਂ ਦੀ ਸੇਵਾਦਾਰ ਹੈ,ਲੋਕਾਂ ਦੀ ਨੌਕਰ ਹੈ,ਲੋਕ ਬਿਨ੍ਹਾਂ ਕਿਸੇ ਡਰ ਦੇ ਆਪਣੀਆਂ ਸਮੱਸਿਆਵਾਂ ਪੁਲਿਸ ਨੂੰ ਦੱਸ ਸਕਦੇ ਹਨ,ਪਰ ਇਹ ਗੱਲਾਂ ਸਿਰਫ ਸਟੇਜ ਤੋਂ ਸੁਣ ਵਿੱਚ ਹੀ ਵਧੀਆਂ ਲੱਗਦੀਆਂ ਹਨ। ਸਮਾਗਮ ਖਤਮ ਹੁੰਦਿਆ ਹੀ ਲੋਕਾਂ ਦੀ ਸੇਵਾਦਾਰ ਪੁਲਿਸ ਆਮ ਜਨਤਾ ਦੀ ਦੁਸ਼ਮਣ ਬਣ ਜਾਂਦੀ ਹੈ ਤੇ ਲੋਕਾਂ ਦੁਆਰਾ ਚੁਣੇ ਹੋਏ ਕੁਝ ਕੁ ਸਰਕਾਰੀ ਨੁਮਇੰਦਿਆਂ ਦੀ ਡਿਊਟੀ ਵਿੱਚ ਹਾਜ਼ਰ ਹੋ ਜਾਂਦੀ ਹੈ। ਸਰਕਾਰਾਂ ਦੇ ਬਦਲਦਿਆਂ ਪੁਲਿਸ ਅਧਿਕਾਰੀ ਵੀ ਬਦਲ ਜਾਂਦੇ ਹਨ ਅਤੇ ਇੱਕ ਗੁਲਾਮੀ ਦੀਆਂ ਜੰਜੀਰਾਂ ਲਾ ਕੇ ਦੂਜੀ ਜੰਜੀਰ ਵਿੱਚ ਕੈਦ ਹੋ ਜਾਂਦੇ ਹਨ।ਇਸ ਵਿੱਚ ਦੋਸ਼ ਲੋਕਾਂ ਦੁਆਰਾ ਚੁਣੇ ਗਏ ਲੀਡਰਾਂ ਦਾ ਨਹੀਂ ਸਗੋਂ ਪੁਲਿਸ ਦਾ ਆਪਣਾ ਹੀ ਹੈ ਜੋ ਲੋਕ ਸੇਵਾ ਭੁੱਲ ਕੇ ਸਿਆਸੀ ਲੋਕਾਂ ਦੇ ਢਹਿ ਚੜ੍ਹ ਜਾਂਦੀ ਹੈ। ਜੇਕਰ ਪੁਲਿਸ ਸਹੀ ਢੰਗ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰੇ ਤਾਂ ਕੋਈ ਵੀ ਲੀਡਰ ਪੁਲਿਸ ਨੂੰ ਡਰਾ-ਧਮਕਾ ਨਹੀਂ ਸਕਦਾ ਕਿਉਂਕਿ ਲੋਕਾਂ ਦੇ ਸਾਥ ਨਾਲ ਹੀ ਸਰਕਾਰਾਂ ਸੱਤਾ ਦਾ ਸੁਖ ਭੋਗਦੀਆਂ ਹਨ । ਲੋਕਾਂ ਦੀ ਵੋਟ ‘ਤੇ ਸੱਤਾ ਪ੍ਰਾਪਤ ਕਰਨ ਵਾਲੇ ਲੀਡਰ ਪੁਲਿਸ ਮਹਿਕਮੇਂ ਨੂੰ ਸਿਆਸਤ ਵਿੱਚ ਐਨਾ ਜਿਆਦਾ ਜਕੜ ਲੈਂਦੇ ਹਨ ਕਿ ਉਹ ਸਿਆਸੀ ਲੋਕਾਂ ਦੇ  ਇਸ਼ਾਰਿਆਂ ਤੇ ਕੰਮ ਕਰਨ ਨੂੰ ਹੀ ਆਪਣੀ ਡਿੳੂਟੀ ਸਮਝਦੇ ਹਨ ,ਜਦਕਿ ਆਮ ਲੋਕ ਇਨਸਾਫ ਲਈ ਥਾਣਿਆਂ-ਕਚਹਿਰੀਆਂ ਵਿੱਚ ਗੇੜੇ ਮਾਰਦੇ ਆਪਣੀਆਂ ਚੱਪਲਾਂ ਘਸਾਉਂਦੇ ਰਹਿੰਦੇ ਹਨ ਤੇ ਪੁਲਿਸ ਅਧਿਕਾਰੀ ਕਿਸੇ ਲੀਡਰ ਦੇ ਫੋਨ ਆਉਣ ਤੱਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਸਿਆਸੀ ਗੁਲਾਮੀ ਸਿਰਫ ਥਾਣਿਆ ਤੱਕ ਹੀ ਸੀਮਿਤ ਨਹੀਂ ਹੈ ਇਸ ਨੇ ਤਾਂ ਪੁਲਿਸ ਦੇ ਵੱਡੇ ਅਫਸਰਾਂ ਨੂੰ ਵੀ ਲਪੇਟ ਵਿੱਚ ਲਿਆ ਹੋਇਆ ਹੈ।ਇਸ ਗੱਲ ਦਾ ਖੁਲਾਸਾ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੁਝ ਦਿਨ ਪਹਿਲਾਂ ਲਾਏ ਗਏ ਹਰੀਕੇ ਪੱਤਣ ਪੁਲ ‘ਤੇ ਧਰਨੇ ਦੌਰਾਨ ਕੀਤਾ।ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਦੇ ਆਈ ਜੀ ਰੈਂਕ ਦੇ ਅਧਿਕਾਰੀ ਨੇ ਉਨ੍ਹਾ ਦੇ ਪੈਰ ਫੜ ਲਏ ਸਨ ਪਰ ਅੱਜ ਸਰਕਾਰ ਬਦਲਦਿਆ ਹੀ ਉਸਦੇ ਬੋਲ ਬਦਲ ਗਏ ਹਨ।’ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੁਲਿਸ ਸਿਆਸੀ ਲੋਕਾਂ ਦੀ ਕਿੰਨੀ ਗੁਲਾਮ ਹੈ ਤੇ ਆਮ ਲੋਕਾਂ ਦੀ ਕਿੰਨੀ ਸੇਵਾਦਾਰ।ਪੁਲਿਸ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਲੋਕਾਂ ਦੀ ਡਿਊਟੀ ਛੱਡ ਆਮ ਜਨਤਾ ਦੀ ਨੌਕਰੀ ਕਰਨ ਅਤੇ ਭਿ੍ਰਸ਼ਟ ਲੀਡਰਾਂ ਖਿਲਾਫ ਸਬੂਤ ਇਕੱਠੇ ਕਰਕੇ ਉਨ੍ਹਾਂ ਨੂੰ ਜੇਲ੍ਹ ਦਾ ਰਸਤਾ ਦਿਖਾਉਣ ਪਰ ਇੱਥੇ ਤਾਂ ਸਾਰਾ ਕੁਝ ਹੀ ਉਲਟ ਹੋ ਰਿਹਾ ਹੈ ਪੁਲਿਸ ਭਿ੍ਰਸ਼ਟ ਲੀਡਰਾਂ ਦੀ ਰੱਖੀ ਕਰਕੇ ਉਨ੍ਹਾਂ ਦੇ ਇਸ਼ਾਰੇ ਤੇ ਰਾਜਨੀਤੀ ਦੇ ਬਦਲੇ ਕਾਰਨ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ।ਇਸ ਕਾਰਨ ਹੀ ਲੋਕਾਂ ਦੇ ਦਿਲਾਂ ‘ਚੋਂ ਪੁਲਿਸ ਦਾ ਆਦਰ-ਮਾਨ ਘੱਟਦਾ ਜਾ ਰਿਹਾ ਹੈ ਤੇ ਲੋਕ ਹੁਣ ਪੁਲਿਸ ਦਾ ਡਰ ਵੀ ਨਹੀਂ ਮੰਨਦੇ। ਉਨ੍ਹਾਂ ਨੂੰ ਪਤਾ ਹੈ ਕਿ ਕਿਸ ਕੰਮ ਲਈ ਕਿਸ ਲੀਡਰ ਦਾ ਫੋਨ ਕਰਵਾਉਣਾ ਹੈ।ਜੇਕਰ ਕਿਸੇ ਥਾਣੇ ਜਾਂ ਜਿਲੇ੍ਹ ਵਿੱਚ ਕੋਈ ਪੁਲਿਸ ਅਧਿਕਾਰੀ ਜੋ ਲੋਕ ਸੇਵਾਦਾਰ ਹੋਵੇ ਤੇ ਆਪਣੀ ਨੌਕਰੀ ਇਮਾਨਦਾਰੀ ਨਾਲ ਕਰਦਾ ਹੋਵੇ ਤਾਂ ਉਸ ਨੂੰ ਉੱਥੇ ਰਹਿਣ ਨਹੀਂ ਦਿੱਤਾ ਜਾਂਦਾ।ਉਂਝ ਸਾਰੇ ਪੁਲਿਸ ਅਧਿਕਾਰੀ ਸਰਕਾਰੀ ਨੌਕਰ ਨਹੀਂ ਬਣਦੇ ਕੁਝ ਕੁ ਚੋਰੀ-ਛੁਪੇ ਲੋਕਾਂ ਦੀ ਸੇਵਾ ਵੀ ਕਰਦੇ ਰਹਿੰਦੇ ਹਨ।ਜਿੰਨਾ ਨੂੰ ਲੋਕ ਸਦੀਆ ਤੱਕ ਯਾਦ ਰੱਖ ਦੇ ਹੋਏ ਉਨ੍ਹਾਂ ਦੀ ਇਮਾਨਦਾਰੀ ਦੀਆਂ ਗੱਲਾਂ ਆਪਣੀ ਅਗਲੀ ਪੀੜ੍ਹੀ ਨੂੰ ਵੀ ਬੜੇ੍ਹ ਖੁਸ਼ ਹੋ ਕੇ ਦੱਸਦੇ ਹਨ।ਜੇਕਰ ਪੁਲਿਸ ਨੇ ਅਜੇ ਵੀ ਆਪਣਾ ਅਕਸ਼ ਨਾ ਸੁਧਾਰਿਆ ਤਾਂ ਉਹ ਸਮਾਂ ਦੂਰ ਨਹੀਂ ਜਦ ਪੁਲਿਸ ਥਾਣੇ ਤੇ ਦਫਤਰ ਲੀਡਰਾਂ ਦੇ ਘਰਾਂ ਵਿੱਚ ਪਹੁੰਚ ਜਾਣਗੇ ਤੇ ਲੋਕ ਰਾਹ ਜਾਂਦੇ ਪੁਲਿਸ ਅਧਿਕਾਰੀ ਨੂੰ ਦੇਖ ਕੇ ਉਸਦੇ ਨਾਮ ਨਾਲ ਨਹੀਂ ਸਗੋਂ ਰਾਜਨੀਤਿਕ ਪਾਰਟੀ ਦੇ ਨਾਮ ਨਾਲ ਬੁਲਾਇਆ ਕਰਨਗੇ।

 ਜਸਵੰਤ ਗਿੱਲ ਸਮਾਲਸਰ

ਪਿੰਡ+ਡਾਕ.ਸਮਾਲਸਰ (ਮੋਗਾ)

ਮੋਬਾਇਲ.85589-00178