ਸਿੱਖਿਆ ਸੁਧਾਰ ਦੀ ਲੋੜ ਨਹੀਂ ਪਰ ਵੋਟਾਂ ‘ਚ ਸੁਧਾਈ ਜਰੂਰੀ

ਮੋਗਾ, 8 ਦਸੰਬਰ (ਜਸਵੰਤ ਗਿੱਲ ਸਮਾਲਸਰ)  :  ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦਿਵਾਲਾ ਤਾਂ ਪਹਿਲਾਂ ਹੀ ਪ੍ਰਾਈਵੇਟ ਸਕੂਲਾਂ ਦੀ ਸਿੱਖਿਆ ਨੇ ਕੱਢ ਕੇ ਰੱਖਿਆ ਹੋਇਆ ਹੈ।ਦੂਜੇ ਪਾਸੇ ਸਰਕਾਰਾਂ ਨੇ ਵੀ ਇਨ੍ਹਾਂ ਸਕੂਲਾਂ ਨੂੰ ਬੰਦ ਕਰਵਾਉਣ ਲਈ ਸਾਰੀ ਯੋਜਨਾ ਉਲੀਕ ਰੱਖੀ ਹੈ ਕਿਉਂਕਿ ਸਰਕਾਰਾਂ ਨੂੰ ਪਤਾ ਹੈ ਕਿ ਹੁਣ ਸਰਕਾਰੀ ਸਕੂਲਾਂ ਵਿੱਚਮੰਤਰੀਆਂ,ਅਫਸਰਾਂ,ਜੈਲਦਾਰਾਂ ਤੇ ਸ਼ਰਮਾਏਦਾਰਾਂ ਦੇ ਬੱਚੇ ਨਹੀਂ ਸਗੋਂ ਦਿਹਾੜੀ-ਦੱਪਾ ਕਰਨ ਵਾਲੇ ਗਰੀਬਾਂ ਦੇ ਬੱਚੇ ਪੜ੍ਹਦੇ ਹਨ।ਇਸ ਲਈ ਸਰਕਾਰਾਂ ਸੋਚ ਦੀਆਂ ਹਨ ਕਿ ਉਨ੍ਹਾਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦੀ ਜਰੂਰਤ ਨਹੀਂ ਹੈ ਤੇ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮ ਦੇ ਦਿੱਤੇ ਜਾਣ।ਇਸ ਤਹਿਤ ਹੀ ਪਿਛਲੇ ਕਈ ਸਾਲਾਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਅਧਿਆਪਕਾਂ ਨੂੰ ਵੋਟਾਂ ਬਣਾਉਣ,ਵੋਟਾਂ ‘ਚ ਸੁਧਾਈ,ਚੋਣ ਅੰਕੜੇ ਇਕੱਠੇ ਕਰਨ ਤੋਂ ਇਲਾਵਾ ਹੋਰ ਗੈਰ-ਵਿੱਦਿਅਕ ਕੰਮ ਦੇ ਕੇ ਗਰੀਬ ਬੱਚਿਆਂ ਤੋਂ ਸਿੱਖਿਆ ਖੋਹੀ ਜਾ ਰਹੀ ਹੈ।ਸੱਤਾ ਵਿੱਚ ਆਉਂਦਿਆ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਕਾਰਪੋਰੇਸ਼ਨ,ਨਗਰ ਕੌਸ਼ਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਵੀ ਆਪਣੇ ਵਾਅਦਿਆ ਤੇ ਦਾਅਵਿਆ ਨੂੰ ਸਿਆਸੀ ਸੂਲੀ ‘ਤੇ ਚਾੜ੍ਹ ਕੇ ਲਗਭਗ 40 ਹਜ਼ਾਰ ਅਧਿਆਪਕਾਂ ਦੀ ਡਿਊਟੀ ਚੋਣ ਅੰਕੜੇ ਇਕੱਠੇ ਕਰਨ ‘ਤੇ ਲਾ ਦਿੱਤੀ।ਕੈਪਟਨ ਸਰਕਾਰ ਦਾ ਵੀ ਸੋਚਣਾ ਹੈ ਕਿ ਸਿੱਖਿਆ ਵਿੱਚ ਸੁਧਾਰਾਂ ਦੀ ਲੋੜ ਨਹੀਂ ਪਰ ਵੋਟਾਂ ਵਿੱਚ ਸੁਧਾਈ ਜਰੂਰੀ ਹੈ।ਜੇ ਕੋਈ ਅਨਪੜ੍ਹ ਰਹਿ ਜਾਵੇ ਤਾਂ ਚੱਲਦਾ ਹੈ ਪਰ ਕੋਈ ਵੀ ਵਿਅਕਤੀ ਵੋਟ ਬਿਨ੍ਹਾਂ ਨਹੀਂ ਰਹਿਣਾ ਚਾਹੀਦਾ।ਕਿਉਂਕਿ ਜੇਕਰ ਲੋਕ ਪੜ੍ਹ ਗਏ ਤਾਂ ਸਰਕਾਰ ਤੋਂ ਲੋਕਤੰਤਰ ਮੰਗਣਗੇ ਪਰ ਜੇਕਰ ਅਨਪੜ੍ਹ ਰਹਿ ਗਏ ਤਾਂ ਵੋਟ ਬਦਲੇ ਆਟਾ-ਦਾਲ , ਗਲੀਆਂ-ਨਾਲੀਆਂ ਤੇ ਸ਼ਮਸ਼ਾਨਘਾਟਾ ਲਈ ਗ੍ਰਾਟਾਂ ਮੰਗਣਗੇ।ਸੂਬਾ ਸਰਕਾਰਾਂ ਨੇ ਪੰਜਾਬ ਵਿੱਚ ਸਿੱਖਿਆ ਦਾ ਐਨਾ ਮਾੜਾ ਹਾਲ ਕਰ ਦਿੱਤਾ ਹੈ ਕਿ ਅਧਿਆਪਕ ਡੋਰ ਟੂ ਡੋਰ ਸਰਵੇ ਕਰ ਰਹੇ ਹਨ ਬੱਚੇ ਸਕੂਲਾਂ ਵਿੱਚ ਬੈਠੇ ਸਰਕਾਰੀ ਸਿੱਖਿਆ ਦੇ ਪੈ ਰਹੇ ਭੋਗ ਦਾ ਸ਼ੋਗ ਮਨਾ ਰਹੇ ਹਨ।ਕਈ ਸਕੂਲਾਂ ਵਿੱਚ ਤਾਂ ਇੱਕ ਜਾਂ ਦੋ ਹੀ ਅਧਿਆਪਕ ਹਨ ਉਨ੍ਹਾਂ ਦੀ ਵੀ ਚੋਣ ਡਿਊਟੀ ਲੱਗੀ ਹੋਈ ਹੈ।ਚੋਣ ਡਿਊਟੀ ਦੇ ਨਾਲ-ਨਾਲ ਅਧਿਆਪਕਾਂ ਤੋਂ ਸਕੂਲ ਨਾਲ ਸਬੰਧਿਤ  ਰੋਜ਼ਾਨਾ ਦੀਆਂ ਰਿਪੋਰਟਾਂ ਵੀ ਮੰਗੀਆਂ ਜਾਂਦੀਆਂ ਹਨ।ਅਧਿਆਪਕ ਚੋਣ ਡਿਊਟੀਆਂ ਦੀ ਰਿਪੋਰਟ ਭੇਜਣ ਜਾਂ ਫਿਰ ਸਕੂਲ ਸਬੰਧੀ ਰਿਪੋਰਟਾਂ ਭੇਜਣ ਇਸ ਕਾਰਨ ਅਧਿਆਪਕ ਦੁਚਿੱਤੀ ਵਿੱਚ ਫਸੇ ਹਨ।ਸਰਕਾਰ ਨੂੰ ਬੇਨਤੀ ਹੈ ਕਿ ਜੇਕਰ ਉਹ ਸੱਚ-ਮੁੱਚ ਹੀ ਪੰਜਾਬ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਤੁਰਨਾ ਚਾਹੁੰਦੀ ਹੈ ਤਾਂ ਸਿੱਖਿਆ ਵਿੱਚ ਵੱਡੇ ਪੱਧਰ ਉੱਪਰ ਸੁਧਾਰ ਕਰਨੇ ਚਾਹੀਦੇ ਹਨ।ਅਧਿਆਪਕਾਂ ਦੀ ਡਿਊਟੀ ਗੈਰ-ਵਿੱਦਿਅਕ ਕੰਮਾਂ ਤੋਂ ਹਟਾ ਕੇ ਸਿਰਫ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਹੀ ਹੋਣੀ ਚਾਹੀਦੀ ਹੈ।ਪੰਜਾਬ ਵਿੱਚ ਅਨੇਕਾਂ ਹੀ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਬੇਰੁਜ਼ਗਾਰ ਹਨ ਉਨ੍ਹਾਂ ਨੂੰ ਪੱਕੇ ਤੌਰ ‘ਤੇ ਵੋਟਾਂ ਬਣਾਉਣ ਅਤੇ ਚੋਣ ਅੰਕੜੇ ਇਕੱਠੇ ਕਰਨ ਲਈ ਭਰਤੀ ਕੀਤਾ ਜਾਵੇ।ਇਸ ਨਾਲ ਬੇਰੁਜ਼ਗਾਰੀ ਵੀ ਘੱਟ ਹੋਵੇਗੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ। (ਪਿੰਡ ਤੇ ਡਾਕ ਸਮਾਲਸਰ ,ਮੋਗਾ,ਮੋਬਾਇਲ:85589-00178)