ਨਾਰੀ ਸਸ਼ੱਕਤੀਕਰਣ ਵਿੱਚ ਨਾਰੀ ਦੇ ਯੋਗਦਾਨ ਉੱਪਰ ਕੀਤੀਆਂ ਵਿਚਾਰਾਂ

ਸੁਖਾਨੰਦ,2 ਦਸੰਬਰ(ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਕਾਰਜਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਇਤਿਹਾਸ ਵਿਭਾਗ ਵੱਲੋਂ ਪਾਸਾਰ ਭਾਸ਼ਣ ਕਰਵਾਇਆ ਗਿਆ। ਨਾਰੀ ਸਸ਼ੱਕਤੀਕਰਣ ਬਾਰੇ ਮਹੱਤਵਪੂਰਣ ਜਾਣਕਾਰੀ ਦੇਣ ਲਈ ਰਿਸੋਰਸ ਪਰਸਨ ਵਜੋਂ ਡਾ.ਬਲਜੀਤ ਕੌਰ, ਸਹਾਇਕ ਪ੍ਰੋਫ਼ੈਸਰ ਐਸ.ਡੀ. ਕਾਲਜ ਫ਼ਾਰ ਵੂਮੈਨ ਨੇ ਸ਼ਿਰਕਤ ਕੀਤੀ। ਡਾ.ਬਲਜੀਤ ਕੌਰ ਨੇ ਜਾਣਕਾਰੀ ਦਿੰਦਆਂ ਕਿਹਾ ਕਿ ਔਰਤ ਤਾਂ ਹੀ ਤਰੱਕੀ ਦੀਆਂ ਪੁਲਾਗਾਂ ਤੈਅ ਕਰ ਸਕਦੀ ਹੈ ਜੇਕਰ ਉਹ ਸੰਕਲਪ ਅਤੇ ਦਿ੍ਰੜ ਸੰਕਲਪ ਨੂੰ ਧਾਰਣ ਕਰੇ। ਉਹਨਾਂ ਕਿਹਾ ਕਿ ਔਰਤ ਦੀ ਭੂਮਿਕਾ ਪਰਿਵਾਰ ਅਤੇ ਸਮਾਜ ਵਿੱਚ ਜ਼ਾਹਿਰ ਹੁੰਦੀ ਹੈ, ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਔਰਤਾਂ ਨੂੰ ਪੂਰਣ ਸਤਿਕਾਰ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਬਾਹਰੀ ਯਤਨ ਵੀ ਉਦੋਂ ਹੀ ਸਾਰਥਕ ਹੋ ਸਕਣਗੇ, ਜੇਕਰ ਔਰਤ ਖ਼ੁਦ ਵੀ ਆਪਣੀ ਸ਼ਕਤੀ ਨੂੰ  ਪਛਾਣਦੇ ਹੋਏ ਗੁਨਾਹਾਂ, ਅੱਤਿਆਚਾਰਾਂ ਅਤੇ ਅਪਰਾਧਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰੇ। ਡਾ.ਬਲਜੀਤ ਨੇ ਰਸਮੀ ਸ਼ਬਦਾਂ ਵਿੱਚ ਜਾਣਕਾਰੀ ਦੀ ਥਾਂ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਤੇ ਨਿੱਜੀ ਅਨੁਭਵਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਵਿਦਿਆਰਥਣਾਂ ਨੇ ਵੀ ਆਪਣੇ ਮਨ ਵਿੱਚ ਉਠੇ ਸਵਾਲ ਉਹਨਾਂ ਨਾਲ ਸਾਂਝੇ ਕੀਤੇ।

ਅੰਤ ਵਿੱਚ ਸਤਵਿੰਦਰ ਕੌਰ ਮੁਖੀ ਇਤਿਹਾਸ ਵਿਭਾਗ, ਸਹਾਇਕ ਪ੍ਰੋਫ਼ੈਸਰ ਗੁਰਪਿੰਦਰਪਾਲ ਕੌਰ ਅਤੇ ਅਨੁਪਮ ਨੇ ਡਾ.ਬਲਜੀਤ ਕੌਰ ਦਾ ਧੰਨਵਾਦ ਕੀਤਾ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਅਤੇ ਉੱਪ ਪਿ੍ਰੰਸੀਪਲ ਗੁਰਜੀਤ ਕੌਰ ਦੇ ਕਰਕਮਲਾਂ ਨਾਲ ਡਾ.ਬਲਜੀਤ ਕੌਰ ਨੂੰ ਕਾਲਜ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।