ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂੁਨੀਅਨ (ਏਟਕ) ਦੀ ਸੂਬਾਈ ਮੀਟਿੰਗ ਹੋਈ

ਮੋਗਾ,1 ਦਸੰਬਰ (ਜਸ਼ਨ)-ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂੁਨੀਅਨ (ਏਟਕ) ਦੀ ਸੂਬਾਈ ਮੀਟਿੰਗ ਕਾਮਰੇਡ ਗੁਰਦੀਪ ਸਿੰਘ ਮੋਤੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਥੇਬੰਦੀ ਦੇ ਸੂਬਾਈ ਜ.ਸਕੱਤਰ ਸਾਥੀ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦਾ ਸਮੁੱਚਾ ਕਾਮਾ ਕੈਪਟਨ ਸਰਕਾਰ ਦੀ 8 ਮਹੀਨਿਆਂ ਦੀ ਟ੍ਰਾਂਸਪੋਰਟ ਵਿਭਾਗ ਪ੍ਰਤੀ ਕਾਰਗੁਜ਼ਾਰੀ ਤੋਂ ਬਹੁਤ ਖਫ਼ਾ ਹੈ। ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਠੇਕੇ’ਤੇ ਅਤੇ ਆਊਟ ਸੋਰਸ ਕਾਮਿਆ ਨੂੰ ਚੋਣ ਵਾਅਦੇ ਮੁਤਾਬਕ ਸਰਕਾਰ ਪੱਕੇ ਕਰਨ ਤੋਂ ਮੁੱਕਰੀ ਹੈ। ਨਵੀਂ ਟ੍ਰਾਂਸਪੋਰਟ ਪਾਲਿਸੀ ਵਿੱਚ ਵੀ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੀ ਹੀ ਅਜ਼ਾਰੇਦਾਰੀ ਕਾਇਮ ਰੱਖਣ ਦੀਆਂ ਸਕੀਮਾਂ ਬਣ ਰਹੀਆਂ ਹਨ। ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲਿਆ ਨੂੰ ਲਾਗੂ ਕਰਨ ਵਿੱਚ ਸਰਕਾਰ ਵੱਲੋਂ ਪ੍ਰਾਈਵੇਟਾਂ ਦੇ ਦਬਾਅ ਕਾਰਨ ਆਨਾਕਾਨੀ ਕੀਤੀ ਜਾ ਰਹੀ ਹੈ। ਕਿਲੋਮੀਟਰ ਸਕੀਮ ਬੱਸਾਂ ਪਾਉਣ ਲਈ ਸਰਕਾਰ ਬਜਿੱਦ ਹੈ। ਸਪੇਅਰ ਪਾਰਟਸ ਨਾ ਆਉਣ ਕਾਰਨ ਬੱਸਾਂ ਵਰਕਸ਼ਾਪ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਭਿ੍ਰਸ਼ਟਾਚਾਰ ਪਿਛਲੇ ਸਮੇਂ ਨਾਲੋਂ ਵੀ ਤੇਜ਼ੀ ਨਾਲ ਵਧ ਰਿਹਾ ਹੈ। ਨਵੀਆਂ ਬੱਸਾਂ ਪਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਕਾਗਜ਼ੀ ਕਾਰਵਾਈ ਵਿੱਚ ਹੀ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਜਿਸਤੋਂ ਅੱਕ ਕੇ ਅੇਕਸ਼ਨ ਕਮੇਟੀ ਨੇ ਮੀਟਿੰਗ ਕਰਕੇ ਫੇਸਲਾ ਕੀਤਾ ਹੈ ਕਿ ਮਿਤੀ 11 ਦਸੰਬਰ, 2017 ਤੋਂ 15 ਦਸੰਬਰ 2017 ਤੱਕ ਲਗਾਤਾਰ ਇੱਕ ਹਫ਼ਤਾ ਡਾਇਰੈਕਟਰ ਦਫ਼ਤਰ ਉੱਪਰ ਧਰਨਾ ਦਿੱਤਾ ਜਾਵੇਗਾ ਜੇਕਰ ਫਿਰ ਵੀ ਸਰਕਾਰ ਨੇ ਮਹਿਕਮੇ ਪ੍ਰਤੀ ਕੋਈ ਸੰਜ਼ੀਦਗੀ ਨਾ ਦਿਖਾਈ ਤਾਂ 4 ਜਨਵਰੀ 2018 ਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਸਮੁੱਚਾ ਕਾਮਾ ਇੱਕ ਦਿਨ ਦੀ ਮੁਕੰਮਲ ਹੜਤਾਲ ਕਰੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਮਿਤੀ 10, 11 ਨਵੰਬਰ  ਦੀ ਅਮਮਿ੍ਰਤਸਰ ਚੋਣ ਕਾਨਫਰੰਸ ਦੇ ਫੈਸਲੇ ਮੁਤਾਬਕ 22 ਮੈਂਬਰੀ ਸੂਬਾ ਕਮੇਟੀ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ,ਅਤੇ ਫੈਸਲਾ ਕੀਤਾ ਗਿਆ ਕਿ ਉਪਰੋਕਤ ਮੰਗਾਂ ਦੀ ਪ੍ਰਾਪਤੀ ਦੇ ਲਈ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਸਖ਼ਤ ਫੈਸਲਾ ਲੈ ਕੇ ਮਹਿਕਮੇ ਦੀ ਰਾਖੀ ਲਈ ਸੰਘਰਸ਼ ਕਰੇਗੀ। ਅੱਜ ਦੀ ਮੀਟਿੰਗ ਵਿੱਚ ਮੁੱਖ ਤੌਰ’ਤੇ ਸੂਬਾਈ ਆਗੂ ਦਰਸ਼ਨ ਸਿੰਘ ਟੂਟੀ, ਅਵਤਾਰ ਸਿੰਘ ਤਾਰੀ, ਗੁਰਦੇਵ ਸਿੰਘ ਰੋਪੜ, ਗੁਰਜੰਟ ਸਿੰਘ ਕੋਕਰੀ, ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਭਿੰਡਰ ਅਤੇ ਸਾਰੇ ਹੀ ਡਿਪੂਆਂ ਦੇ ਪ੍ਰਧਾਨ, ਜ.ਸਕੱਤਰ, ਸੀ.ਮੀਤ ਪ੍ਰਧਾਨ ਅਤੇ ਕੈਸ਼ੀਅਰ ਹਾਜ਼ਰ ਸਨ।