ਕਾਂਗਰਸ ਨੇ ਕੀਤਾ ਪੰਜਾਬ ‘ਚੋ ਨਸ਼ਾ ਸਮੱਗਲਰਾਂ ਅਤੇ ਗੁੰਡਾ ਅਨਸਰਾਂ ਦਾ ਅੰਤ-ਐਡਵੋਕੇਟ ਨਾਰ ਸਿੰਘ ਬਰਾੜ

ਬਾਘਾਪੁਰਾਣਾ,28 ਨਵੰਬਰ (ਜਸਵੰਤ ਗਿੱਲ ਸਮਾਲਸਰ)-ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ,ਉਹ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਬਾਘਾਪੁਰਾਣਾ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਨਾਰ ਸਿੰਘ ਬਰਾੜ ਨੇ ਕਰਦਿਆਂ ਕਿਹਾ ਕਿ ਵੋਟਾਂ ਤੋਂ ਪਹਿਲਾ ਕੀਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੈਪਟਨ ਸਰਕਾਰ ਵਲੋਂ ਪੂਰੇ ਕੀਤੇ ਜਾ ਰਹੇ ਹਨ। ਬਰਾੜ ਨੇ ਕਿਹਾ ਕਿ ਕਿਸਾਨਾਂ ਦੀ ਕਰਜਾ ਮਾਫੀ,ਗੰਨੇ ਦੇ ਭਾਅ ਵਿੱਚ ਵਾਧਾ ਤੇ ਗਰੀਬ-ਮਜ਼ਦੂਰਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣਾ ਇਸ ਗੱਲ ਦਾ ਸਬੂਤ ਹੈ।ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੈਦਾ ਕੀਤੇ ਨਸ਼ਾ ਸਮੱਗਲਰਾਂ ਅਤੇ ਗੁੰਡਾ ਅਨਸਰਾਂ ਦਾ ਅੰਤ ਕਰਕੇ ਕਾਂਗਰਸ ਸਰਕਾਰ ਪੰਜਾਬ ਵਿੱਚ ਅਮਨ-ਸ਼ਾਤੀ ਕਾਇਮ ਕਰ ਰਹੀ ਹੈ।ਕਾਂਗਰਸ ਸਰਕਾਰ ਨੇ ਨਸ਼ਾ ਸਮੱਗਲਰਾਂ ਦਾ ਖਤਮਾ ਕਰਕੇ ਪੰਜਾਬ ਨੂੰ ਨਸ਼ਾ ਰਹਿਤ ਸੂਬਾ ਬਣਾਉਣ ਦਾ ਜੋ ਸੁਪਨਾ ਦੇਖਿਆ ਸੀ,ਉਹ ਸੁਪਨਾ ਵੀ ਪੂਰਾ ਹੋ ਰਿਹਾ ਹੈ। ਅੱਜ ਅਨੇਕਾਂ ਹੀ ਨਸ਼ਾ ਸਮੱਗਲਰ ਜੇਲ੍ਹਾਂ ਵਿੱਚ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ੇ ਦੀ ਬੁਰੀ ਆਦਤ ਤੋਂ ਬਚਾ ਕੇ ਨੌਕਰੀਆਂ ਅਤੇ ਦੇਸ਼ ਦੀ ਰੱਖਿਆ ਲਈ ਤਿਆਰ ਕਰਨਾ ਚਾਹੁੰਦੀ ਹੈ। ਨਾਰ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਸਮੇਂ ਅਨੇਕਾਂ ਮਾਂਵਾਂ ਨੇ ਨਸ਼ੇ ਕਾਰਨ ਆਪਣੇ ਪੁੱਤ ਗਵਾ ਦਿੱਤੇ ਸਨ ਪਰ ਕਾਂਗਰਸ ਸਰਕਾਰ ਨਸ਼ੇ ਕਾਰਨ ਪੰਜਾਬ ਅਤੇ ਘਰਾਂ ਨੂੰ ਬਰਬਾਦ ਨਹੀਂ ਹੋਣ ਦੇਵੇਗੀ।ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਦੇ ਲਏ ਗਏ ਫੈਸਲਿਆਂ ਦੀ ਪ੍ਰਸੰਸਾਂ ਕਰਦਿਆ ਇਨ੍ਹਾਂ ਨੂੰ ਪੰਜਾਬ ਦੇ ਵਿਕਾਸ ਲਈ ਸਹੀ ਦੱਸਿਆ।