ਡੇਰਾ ਝਿੜੀ ਦੀ ਜ਼ਮੀਨ ਭੂ-ਮਾਫੀਏ ਤੋਂ ਬਚਾਉਣ ਲਈ ਪਿੰਡ ਅਤੇ ਇਲਾਕੇ ਦੇ ਲੋਕ ਲਾਮਬੰਦ

ਮੋਗਾ, 27 ਨਵੰਬਰ(ਜਸ਼ਨ)-ਪਿੰਡ ਚੂਹੜਚੱਕ ਦੇ ਡੇਰਾ ਝਿੜੀ ਦੀ ਜ਼ਮੀਨ ਧੋਖੇ ਨਾਲ ਨਾ ਲਵਾਉਣ ਵਿਰੁੱਧ ਪਿੰਡ ਚੂਹੜਚੱਕ ਅਤੇ ਇਲਾਕੇ ਦੇ ਲੋਕ ਭਾਰਤੀ ਕਿਸਾਨ ਯੂਨੀਅਨ ਕ੍ਰਾਂਤਕਾਰੀ ਦੀ ਅਗਵਾਈ ਵਿਚ ਸੰਘਰਸ਼ ਦੇ ਮੈਦਾਨ ਵਿਚ ਨਿੱਤਰਦਿਆਂ ਅੱਜ ਪਿੰਡ ਵਿਚ ਹੋਈ ਵਿਸ਼ਾਲ ਕਾਨਫਰੰਸ ਦੌਰਾਨ 4 ਦਸੰਬਰ ਨੂੰ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬੋਲਦਿਆਂ ਬਿੱਕਰ ਸਿੰਘ ਚੂਹੜ ਨੇ ਕਿਹਾ ਕਿ ਡੇਰਾ ਝਿੜੀ ਦੀ ਜ਼ਮੀਨ ਡੇਰੇ ਦੇ ਮੁਖੀ ਮਨੋਰ ਮੁਨੀ ਦੀ ਮੌਤ ਤੋਂ ਬਾਅਦ ਬਣੇ ਪਰਮਾਨੰਦ ਮੁਖੀ ਨੇ ਜ਼ਮੀਨ ਆਪਣੇ ਨਾ ਲਵਾ ਲਈ ਹੈ ਅਤੇ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ, ਇਕਬਾਲ ਭਾਰਤੀ, ਸਰਪੰਚ ਨਛੱਤਰ ਸਿੰਘ ਪੁਰਾਣਾ ਚੂਹੜਚੱਕ ਅਤੇ ਕੁਝ ਹੋਰ ਵਿਅਕਤੀ ਮਿਲ ਕੇ ਜ਼ਮੀਨ ਵੇਚਣੀ ਚਾਹੁੰਦੇ ਹਨ। ਪਿੰਡ ਦੇ ਲੋਕ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿਚ ਇਸ ਵਿਰੁੱਧ ਲਾਮਬੰਦ ਹੋ ਕੇ ਸੰਘਰਸ਼ ਦੇ ਰਾਹ ਪੈ ਗਏ ਹਨ।

ਇਸ ਵਿਸ਼ਾਲ ਕਾਨਫਰੰਸ ਵਿਚ ਬੋਲਦਿਆਂ ਲੋਕ ਸੰਗਰਾਮ ਮੰਚ ਪੰਜਾਬ ਦੇ ਜਨਰਲ ਸਕੱਤਰ ਬਲਵੰਤ ਮਖੂ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਨਾਂ ਲੱਗੀਆਂ ਜ਼ਮੀਨਾਂ ਲੋਕਾਂ ਦੀਆਂ ਹਨ। ਲੋਕਾਂ ਨੇ ਦਾਨ ਕਰ ਦਿੱਤੀਆਂ, ਫਿਰ ਧਾਰਮਿਕ ਭਾਵਨਾਵਾਂ ਤਹਿਤ ਡੇਰਾ ਮੁਖੀਆਂ ਨੂੰ ਜ਼ਮੀਨ ਦੇ ਕੇ ਆਪ ਭਗਤ ਬਣ ਗਏ ਹਨ। ਡੇਰਾ ਮੁਖੀ ਜ਼ਮੀਨਾਂ ਦੇ ਮਾਲਕ ਬਣੇ, ਜ਼ਮੀਨਾਂ ਵੇਚਣ ਲੱਗੇ, ਕੁਝ ਲੋਕ ਇਨਾਂ ਦੇ ਨਾਲ ਮਿਲ ਗਏ ਅਤੇ ਹਿੱਸਾ ਪੱਤੀ ਦੇ ਲਾਲਚ ਵਿਚ ਬਦੀ ਦੀਆਂ ਤਾਕਤਾਂ ਨਾਲ ਖੜ ਗਏ ਹਨ। ਉਹ ਜ਼ਮੀਨ ਤੇ 145 ਲਵਾ ਕੇ ਲੋਕਾਂ ਦੀ ਜਮੀਨ ਹਥਿਆਉਣਾ ਚਾਹੁੰਦੇ ਹਨ। ਇਸ ਲਈ ਪ੍ਰਸ਼ਾਸ਼ਨ ਨੂੰ ਨਿਰਪੱਖ ਪੜਤਾਲ ਕਰਵਾ ਕੇ ਜ਼ਮੀਨ ਹੜੱਪਣ ਵਾਲਿਆਂ ਵਿਰੁੱਧ ਫੈਸਲਾ ਦੇਣਾ ਚਾਹੀਦਾ ਹੈ। ਪਿੰਡ ਇਕਾਈ ਦੀ ਤਰਫੋਂ ਭਾਗ ਸਿੰਘ ਨੇ ਬੋਲਦਿਆਂ ਕਿਹਾ ਕਿ ਪਿੰਡ ਦੀ ਜ਼ਮੀਨ ਪਿੰਡ ਵਿਚ ਰੱਖਣ ਲਈ ਲਾਏ ਮੋਰਚੇ ਵਿਚ ਅਸੀਂ ਪੂਰੇ ਨਗਰ ਦੇ ਲੋਕ ਪਹੁੰਚਾਂਗੇ। ਉਨਾਂ ਪਿੰਡ ਵਾਸੀਆਂ ਦੀ ਤਰਫੋਂ ਪੂਰਨ ਭਰੋਸਾ ਦਿੱਤਾ। ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਜਨਰ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਬੀ.ਕੇ.ਯੂ. ਕ੍ਰਾਂਤੀਕਾਰੀ ਨੇ ਮੋਰਚੇ ਨੂੰ ਹੱਕੀ ਸਮਝ ਕੇ ਮੋਢਾ ਲਾਇਆ ਹੈ। ਉਨਾਂ ਕਿਹਾ ਕਿ ਜ਼ਮੀਨਾਂ ਹੜੱਪਣ ਲਈ ਥਾਂ ਥਾਂ ਜ਼ਮੀਨ ਮਾਫੀਏ ਸਰਗਰਮ ਹੋਏ ਹਨ। ਇਹ ਲੜਾਈ ਲੋਕਾਂ ਦੀ ਹੈ, ਲੋਕਾਂ ਨੂੰ ਲੈ ਕੇ ਇਕਮੁੱਠ ਹੋ ਕੇ ਜਿੱਤਣੀ ਪੈਣੀ ਹੈ। ਉਨਾਂ ਕਿਹਾ ਕਿ ਬੀ.ਕੇ.ਯੂ. ਕ੍ਰਾਂਤੀਕਾਰੀ ਇਸ ਜ਼ਮੀਨੀ ਮੋਰਚੇ ਨੂੰ ਜਿੱਤਣ ਲਈ ਫਿਰੋਜ਼ਪੁਰ ਜਿਲੇ ’ਚੋਂ ਵੀ ਸ਼ਮੂਲੀਅਤ ਕਰਨਗੇ। ਇਸ ਮੌਕੇ ਔਰਤ ਮੁਕਤੀ ਮੰਚ ਦੀ ਸੂਬਾ ਆਗੂ ਸੁਰਿੰਦਰ ਕੌਰ ਢੁੱਡੀਕੇ ਤੇ ਹੋਰ ਕਈ ਆਗੂ ਹਾਜ਼ਰ ਸਨ।