ਜੀਪ ਦੇ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਉਣ ’ਤੇ 5 ਦੀ ਹੋਈ ਮੌਤ,5 ਦੀ ਹਾਲਤ ਗੰਭੀਰ

ਮੋਗਾ, 25 ਨਵੰਬਰ (ਜਸਵੰਤ ਗਿੱਲ ਸਮਾਲਸਰ /ਜਸ਼ਨ)-ਅੱਜ ਮੋਗਾ ਜ਼ਿਲੇ ਦੇ ਬਾਘਾ ਪੁਰਾਣਾ ਭਗਤਾ ਭਾਈ ਸੜਕ ’ਤੇ ਪਿੰਡ ਸੰਗਤਪੁਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਸ ਹਾਦਸੇ ਵਿਚ ਪੰਜ ਜਣੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਜਖਮੀਆਂ ਨੂੰ ਇਲਾਜ ਲਈ ਮੋਗਾ ਦੇ ਹਸਪਤਾਲ ਵਿਚ ਭੇਜਿਆ ਗਿਆ ਜਿਥੇ ਦੋ ਬੇਹੱਦ ਗੰਭੀਰ ਵਿਅਕਤੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ । ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਸਰੀਏਵਾਲਾ ਜ਼ਿਲਾ ਬਠਿੰਡਾ ਦੇ ਮਜ਼ਦੂਰ ਨੌਜਵਾਨ ਜੋ ਕਿ ਤੂੜੀ ਵਾਲੀਆਂ ਟਰਾਲੀਆਂ ਦੀ ਭਰਾਈ ਦਾ ਕੰਮ ਕਰਦੇ ਸਨ ਜੀਪ ’ਤੇ ਸੁਆਰ ਹੋ ਕੇ ਬਾਘਾ ਪੁਰਾਣਾ ਵੱਲ ਨੂੰ ਆ ਰਹੇ ਸਨ । 
ਜਦੋਂ ਉਨਾਂ ਦੀ ਜੀਪ ਕਰੀਬ 10 ਕੁ ਵਜੇ ਪਿੰਡ ਸੰਗਤਪੁਰਾ ਕੋਲ ਪਹੁੰਚੀ ਤਾਂ ਜੀਪ ਚਾਲਕ ਇਕ ਸਾਈਕਲ ਸਵਾਰ ਨੂੰ ਬਚਾਉਂਦਾ ਹੋਇਆ ਜੀਪ ਤੋਂ ਸੰਤੁਲਨ ਖੋਹ ਬੈਠਾ ਜਿਸ ਕਾਰਨ ਜੀਪ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਜੀਪ ਵਿਚ ਸਵਾਰ ਨੌਜਵਾਨ ਜਗਦੇਵ ਸਿੰਘ, ਬਾਦਲ ਸਿੰਘ, ਸੇਵਕ ਸਿੰਘ, ਵਿੱਕੀ ਸਿੰਘ ਅਤੇ ਹੰਸਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਪੰਜ ਵਿਅਕਤੀ ਜਖਮੀਂ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜਾ ਲਿਆ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਪ ਵਿਚ 11 ਦੇ ਕਰੀਬ ਕਾਮੇਂ ਸਵਾਰ ਸਨ । ਉਹਨਾਂ ਦੱਸਿਆ ਕਿ ਜੀਪ ਬੇਕਾਬੂ ਹੋਣ ਉਪਰੰਤ ਜੰਡ ਦੇ ਦਰਖ਼ਤ ਨਾਲ ਟਕਰਾ ਗਈ ਅਤੇ ਜੀਪ ਦੇ ਪਰਖਚੇ ਉੱਡ ਗਏ। ਉਹਨਾਂ ਇਹ ਵੀ ਦੱਸਿਆ ਕਿ ਘਟਨਾ ਸਥਾਨ ਤੋਂ ਮਜ਼ਦੂਰਾਂ ਦੀਆਂ ਪੋਣਿਆਂ ਵਿਚ ਬੰਨੀਆਂ ਰੋਟੀਆਂ ਅਤੇ ਤੂੜੀ ਵਾਲੀਆਂ ਸੰਲਘਾਂ ਤੋਂ ਸਪੱਸ਼ਟ ਜਾਪਦਾ ਹੈ ਕਿ ਮਿਹਨਤਕਸ਼ਾਂ ਨੂੰ ਮਿਹਨਤ ਵੀ ਰਾਸ ਨਹੀਂ ਆਈ । ਉਹਨਾਂ ਸ਼ੰਕਾ ਪ੍ਰਗਟ ਕੀਤੀ ਕਿ ਇਹ ਸਾਰੇ ਮਜ਼ਦੂਰ ਤਾਏ ਚਾਚਿਆਂ ਦੇ ਸਾਂਝੇ ਪਰਿਵਾਰਾਂ ਵਿਚੋਂ ਦੱਸੀਦੇ ਨੇ ,ਤੇ ਜੇਕਰ ਇੰਜ ਹੋਇਆ ਤਾਂ ਸੱਚਮੁੱਚ ਇਹਨਾਂ ਗਰੀਬ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।


