ਪੰਜਾਬ ਸਟੂਡੈਂਟਸ ਯੂਨੀਅਨ 25 ਨਵੰਬਰ ਨੂੰ ਕਰੇਗੀ ਰੋਸ ਪ੍ਰਦਰਸ਼ਨ--ਕਰਮਜੀਤ ਕੋਟਕਪੂਰਾ

ਮੋਗਾ, 24 ਨਵੰਬਰ (ਜਸ਼ਨ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗਾ ਵਿਖੇ 25 ਨਵੰਬਰ ਨੂੰ ਜੀ.ਐਨ.ਸਾੲੀਂ ਬਾਬਾ ਨੂੰ ਉਮਰ ਕੈਦ ਸੁਣਾਏ ਜਾਣ ’ਤੇ ਨਾਜਾਇਜ਼ ਹਿਰਾਸਤ ਵਿੱਚ ਰੱਖੇ ਜਾਣ ਦੇ ਵਿਰੋਧ ਵਿੱਚ ਅਤੇ ਉਨਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਾਰਸ਼ਨ ਸਬੰਧੀ ਸੂਬਾ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ ਦੀ ਅਗਵਾਈ ਵਿੱਚ ਵੱਖ-ਵੱਖ ਸੰਸਥਾਵਾਂ, ਕੋਟਲਾ ਮੇਹਰ ਸਿੰਘ ਵਾਲਾ ਸਕੂਲ, ਆਈ ਟੀ ਆਈ ਮੋਗਾ, ਭੁਪਿੰਦਰਾ ਖਾਲਸਾ ਸਕੂਲ ਮੋਗਾ ਆਦਿ ਸੰਸਥਾਵਾਂ ਵਿੱਚ ਤਿਆਰੀਆਂ ਕੀਤੀਆ ਗਈਆਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੂਡੈਂਟਸ ਯੂਨੀਅਨ ਦੀ ਮੋਗਾ ਜ਼ਿਲਾ ਕਨਵੀਨਰ ਮੋਹਨ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਰਕਾਰਾਂ ਵੱਲੋਂ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਵਰਗੀਆਂ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਜੀ ਐਸ ਟੀ ਅਤੇ ਨੋਟਬੰਦੀ ਵਰਗੇ ਬਿੱਲ ਲਿਆ ਕੇ ਹਰ ਵਰਗ ਦੀ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰੇ ਇਨਕਲਾਬ ਦੀ ਮਾਰੂ ਨੀਤੀ ਤਹਿਤ ਕਿਸਾਨੀ ਬੁਰੀ ਤਰਾਂ ਸੰਕਟ ਵਿੱਚ ਫੱਸ ਚੁੱਕੀ ਹੈ ਅਤੇ ਹਰ ਵਰਗ ਦੁਖੀ ਹੋ ਕੇ ਸੰਘਰਸ਼ਾਂ ਦੇ ਰਾਹ ਤੇ ਹੈ ਹੋਰ ਤਾਂ ਹੋਰ ਲੋਕ ਸੰਘਰਸ਼ਾਂ ਦੀ ਹਮਾਇਤ ਕਰਨ ਵਾਲੇ ਲੇਖਕਾਂ, ਪ੍ਰੋਫੈਸਰਾਂ ਅਤੇ ਬੁੱਧੀਜੀਵੀਆਂ ਨੂੰ ਵੀ ਨਹੀਂ ਬੱਖਸ਼ਿਆ ਜਾ ਰਿਹਾ। ਉਹਨਾਂ ਕਿਹਾ ਕਿ ਜੀ ਐਨ ਸਾਈ ਬਾਬਾ ਜੋ ਕਿ 90 ਫੀਸਦੀ ਅਪਾਹਜ ਹਨ, ਨੂੰ ਇਸੇ ਕਾਰਨ ਉਮਰ ਕੈਦ ਦੀ ਸਜਾ ਸੁਣਾਈ ਗਈ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਜਲ, ਜੰਗਲ, ਜਮੀਨ ਦੀ ਰਾਖੀ ਕਰਨ ਵਾਲੇ ਆਦਿਵਾਸੀਆਂ ਦੀ ਹਮਾਇਤ ਕਰਦੇ ਹਨ ਅਤੇ ਸਰਕਾਰ ਦੀਆਂ ਹਰ ਤਰਾਂ ਦੀਆਂ ਮਾਰੂ ਨੀਤੀਆਂ ਦੀ ਵਿਰੋਧ ਕਰਦੇ ਹਨ। ਇਸੇ ਤਰਾਂ ਹਰ ਵਰਗ ਦੇ ਲੋਕਾਂ, ਕਿਸਾਨਾ, ਮਜਦੂਰਾਂ ਅਤੇ ਵਿਦਿਆਰਥੀਆਂ ਤੇ ਤਸ਼ਦੱਦ ਕੀਤਾ ਜਾ ਰਿਹਾ ਹੈ ,ਜਿਸ ਦੀ ਪੰਜਾਬ ਸਟੂਡੈਟਸ ਯੂਨੀਅਨ ਨਿਖੇਦੀ ਕਰਦੀ ਹੈ। ਉਹਨਾਂ ਦੱਸਿਆ ਕਿ 25 ਨਵੰਬਰ ਨੂੰ ਹੋਣ ਵਾਲੇ ਰੋਸ ਪ੍ਰਦਰਸ਼ਨ ’ਚ ਪੰਜਾਬ ਸਟੂਡੈਟਸ ਯੂਨੀਅਨ ਵਿਦਿਆਰਥੀ ਵੱਡੇ ਕਾਫਲੇ ਦੇ ਰੂਪ ਵਿਚ ਵਿੱਚ ਆਪਣੀ ਸ਼ਮੂਲੀਅਤ ਕਰਨਗੇ। ਇਸ ਮੌਕੇ ਜ਼ਿਲਾ ਆਗੂ ਜਗਵੀਰ ਕੌਰ ਮੋਗਾ, ਬਿ੍ਰਜ ਲਾਲ ਗਜੇਆਣਾ, ਸੁਖਵਿੰਦਰ ਕੌਰ ਡਰੋਲੀ, ਰਜਿੰਦਰ ਸਿੰਘ ਗਜੇਆਣਾ ਨੇ ਵੱਖ-ਵੱਖ ਥਾਵਾਂ ਤੇੇ ਸੰਬੋਧਨ ਕੀਤਾ।