ਮਨਦੀਪ ਸਿੰਘ ਸ਼ਹੀਦ ਤਾਂ ਹੋ ਗਏ ਪਰ ਸ਼ਹਾਦਤ ਤੋਂ ਪਹਿਲਾਂ ਉਹਨਾਂ ਨੇ ਦੇਸ਼ ਦੇ ਦੁਸ਼ਮਣ ਨੂੰ ਮਾਰ ਮੁਕਾਇਆ

ਬਟਾਲਾ, 23 ਨਵੰਬਰ (ਜਸ਼ਨ): ਮਾਨਸਾ ਜ਼ਿਲ੍ਹੇ ਦੇ ਪਿੰਡ ਵਣਵਾਲਾ ਦੇ ਫੌਜੀ ਜਵਾਨ ਮਨਜਿੰਦਰ ਸਿੰਘ ਦੀ ਸ਼ਹਾਦਤ ਦੀਆਂ ਖਬਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਬੀਤੀ ਸ਼ਾਮ ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਭਾਰਤੀ ਫੌਜ ਦੇ ਇਕ ਹੋਰ ਜਵਾਨ ਮਨਦੀਪ ਸਿੰਘ  ਸ਼ਹਾਦਤ ਦਾ ਜਾਮ ਪੀ ਗਏ । ਉਹਨਾਂ ਦਾ ਅੰਤਿਮ ਸੰਸਕਾਰ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦੇ ਪਿੰਡ ਚਾਹਲ ਖੁਰਦ ਵਿਖੇ ਕਰ ਦਿੱਤਾ ਗਿਆ। ਸ਼ਹੀਦ ਮਨਦੀਪ ਸਿੰਘ ਦੀ ਰੈਜੀਮੈਂਟ ’ਚ ਤੈਨਾਤ ਸੂਬੇਦਾਰ ਬੱਚਿਤਰ ਸਿੰਘ ਨੇ ਦੱਸਿਆ ਕਿ ਘਟਨਾ ਮੌਕੇ ਸਰਹੱਦ ’ਤੇ ਮਨਦੀਪ ਸਿੰਘ ਅਤੇ ਸਾਥੀ ਗਸ਼ਤ ਕਰ ਰਹੇ ਸਨ ਕਿ ਉਹਨਾਂ ਨੂੰ ਅਤਵਾਦੀਆਂ ਦੀ ਘੁਸਪੈਠ ਬਾਰੇ ਪਤਾ ਲੱਗਾ ਤਾਂ ਉਹਨਾਂ ਅੱਤਵਾਦੀਆਂ ਨੂੰ ਭਾਰਤੀ ਇਲਾਕੇ ਵਿਚ ਦਾਖਲ ਹੋਣ ਤੋਂ ਰੋਕਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ । ਇਸ ਮੌਕੇ ਮਨਦੀਪ ਸਿੰਘ ਸਭ ਤੋਂ ਅੱਗੇ ਚੱਲ ਰਹੇ ਸਨ ਕਿ ਅੱਤਵਾਦੀਆਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਮਨਦੀਪ ਸਿੰਘ ਸਮੇਂ ਕੁੱਲ ਤਿੰਨ ਭਾਰਤੀ ਫੌਜੀ ਜ਼ਖਮੀ ਹੋ ਗਏ । ਇਸ ਮੌਕੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਮਨਦੀਪ ਸਿੰਘ ਸ਼ਹੀਦ ਤਾਂ ਹੋ ਗਏ ਪਰ ਸ਼ਹਾਦਤ ਤੋਂ ਪਹਿਲਾਂ ਉਹਨਾਂ ਨੇ ਦੇਸ਼ ਦੇ ਦੁਸ਼ਮਣ ਅੱਤਵਾਦੀ ਨੂੰ ਮਾਰ ਮੁਕਾਇਆ। ਨਾਈਨ ਸਿੱਖ ਲਾਈ ਦੇ ਜਵਾਨ ਸ਼ਹੀਦ ਮਨਦੀਪ ਸਿੰਘ ਦੀ ਮਿ੍ਰਤਕ ਦੇਹ ਜਦੋਂ ਬਾਅਦ ਦੁਪਹਿਰ ਪਿੰਡ ਚਾਹਲ ਖੁਰਦ ਪੁਹੰਚੀ ਤਾਂ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੀਆਂ ਅੱਖਾਂ ਵਿਚੋਂ ਹੰਝੂ ਰੋਕਿਆ ਨਹੀਂ ਸਨ ਰੁਕਦੇ।  ਇਸ ਮੌਕੇ ਨਾਈਨ ਜੈਕ ਰਾਈਫਲ ਦੇ ਜਵਾਨਾਂ ਅਤੇ ਸਿੱਖ ਲਾਈ ਰੈਜੀਮੈਂਟ ਦੇ ਫੌਜੀ ਅਧਿਕਾਰੀਆਂ ਅਤੇ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਭੇਂਟ ਕੀਤੀ। ਪੰਜਾਬ ਸਰਕਾਰ ਵਲੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ, ਜ਼ਿਲਾ ਪ੍ਰਸਾਸਨ ਵੱਲੋਂ ਐੱਸ.ਡੀ.ਐੱਮ. ਗੁਰਦਾਸਪੁਰ ਸਕੱਤਰ ਸਿੰਘ ਬੱਲ ਅਤੇ ਬਟਾਲਾ ਦੇ ਵਿਧਾਨਕਾਰ ਲਖਬੀਰ ਸਿੰਘ ਲੋਧੀਨੰਗਲ, ਜ਼ਿਲਾ ਸੈਨਿਕ ਭਲਾਈ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ, ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ, ਡੀ.ਐਸ.ਪੀ. ਸੁੱਚਾ ਸਿੰਘ ਬੱਲ ਵੱਲੋਂ ਸਹੀਦ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸਹੀਦ ਦੀ ਮਿ੍ਰਤਕ ਦੇਹ ਨੂੰ ਅਗਨੀ ਉਨਾਂ ਦੇ ਪਿਤਾ ਪ੍ਰੇਮ ਸਿੰਘ ਅਤੇ ਪੁੱਤਰ ਅੰਮਿ੍ਰਤ ਸਿੰਘ ਵੱਲੋਂ ਦਿਖਾਈ ਗਈ। ਸ਼ਹੀਦ ਦੇ ਪਿਤਾ ਪ੍ਰੇਮ ਸਿੰਘ ਅਤੇ ਮਾਤਾ ਭਜਨ ਕੌਰ ਨੇ ਕਿਹਾ ਕਿ ਉਨਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ’ਤੇ ਮਾਣ ਹੈ, ਕਿਉਂਕਿ ਉਸਨੇ ਦੇਸ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਆਪਾ ਨਿਛਾਵਰ ਕੀਤਾ ਹੈ। ਸਹੀਦ ਦੀ ਪਤਨੀ ਰਾਜਵਿੰਦਰ ਕੌਰ ਨੇ ਵੀ ਕਿਹਾ ਹੈ ਕਿ ਉਸਨੂੰ ਆਪਣੇ ਸੁਹਾਗ ਦੀ ਕੁਰਬਾਨੀ ’ਤੇ ਬਹੁਤ ਮਾਣ ਹੈ। ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨਾਂ ਦੇ ਨਾਲ ਖੜੀ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਦੀ ਤਰਾਂ ਨਾਲ ਸਹਾਇਤਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਤਹਿਤ 5 ਲੱਖ ਰੁਪਏ ਸ਼ਹੀਦ ਦੀ ਪਤਨੀ ਨੂੰ ਵਿੱਤੀ ਸਹਾਇਤਾ, 5 ਲੱਖ ਰੁਪਏ ਪਲਾਟ ਲਈ ਰਾਸ਼ੀ ਅਤੇ 2 ਲੱਖ ਰੁਪਏ ਸ਼ਹੀਦ ਦੇ ਮਾਤਾ-ਪਿਤਾ ਨੂੰ ਦਿੱਤਾ ਜਾਵੇਗਾ ਅਤੇ ਸ਼ਹੀਦ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਂਕਰੀ ਦਿੱਤੀ ਜਾਵੇਗੀ। ਇਸਤੋਂ ਇਲਾਵਾ ਕੇਂਦਰ ਸਰਕਾਰ ਤੇ ਭਾਰਤੀ ਫੌਜ ਵੱਲੋਂ ਵੱਖਰੇ ਤੌਰ ’ਤੇ ਸ਼ਹੀਦ ਪਰਿਵਾਰ ਦੀ ਸਹਾਇਤਾ ਕੀਤੀ ਜਾਵੇਗੀ। ਸ਼ਹੀਦ ਮਨਦੀਪ ਸਿੰਘ ਜੋ ਕਿ 2004 ਵਿਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ, ਇਸ ਸਮੇਂ ਨਾਈਨ ਸਿੱਖ ਲਾਈ ਵਿਚ ਕਸਮੀਰ ਦੇ ਕੇਰਨ ਸੈਕਟਰ ਵਿਖੇ ਲਾਈਨ ਆਫ ਕੰਟਰੋਲ ’ਤੇ ਆਪਣੀ ਡਿਊਟੀ ਨਿਭਾ ਰਿਹਾ ਸੀ। ਸ਼ਹੀਦ ਆਪਣੇ ਪਿਛੇ ਪਤਨੀ ਰਾਜਵਿੰਦਰ ਕੌਰ, ਦੋ ਛੋਟੇ ਬੇਟੇ ਅੰਮਿ੍ਰਤ ਸਿੰਘ ਤੇ ਗੁਰਕੀਰਤ ਸਿੰਘ, ਪਿਤਾ ਪ੍ਰੇਮ ਸਿੰਘ, ਮਾਤਾ ਭਜਨ ਕੌਰ ਛੱਡ ਗਏ ਹਨ।