ਸਰਕਾਰੀ ਛੁੱਟੀ ਦੇ ਬਾਵਜੂਦ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਖੁਲੀਆਂ ਰਹੀਆਂ ਅਕਾਲ ਅਕੈਡਮੀਆਂ

* ਅਕਾਲ ਅਕੈਡਮੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ -ਉਪ ਜ਼ਿਲਾ ਸਿੱਖਿਆ ਅਫਸਰ

ਮੋਗਾ, 23 ਨਵੰਬਰ (ਜਸ਼ਨ) : ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਹਰ ਸਾਲ ਦੀ ਤਰਾਂ ਸਰਕਾਰੀ ਛੁੱਟੀ ਹੁੰਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਅਦਾਰੇ ਅਤੇ ਸਕੂੁਲ-ਕਾਲਜ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਪਰ ਕੁਝ ਪ੍ਰਾਈਵੇਟ ਸਕੂਲ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਕੇ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦੇ ਹਨ। ਅੱਜ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਜਿਲਾ ਮੋਗਾ ਵਿਚ ਅਕਾਲ ਅਕੈਡਮੀਆਂ ਰੋਜ਼ਾਨਾ ਦੀ ਤਰਾਂ ਖੁੱਲੀਆਂ ਰਹੀਆਂ ਅਤੇ ਪਿੰਡਾਂ ਵਿਚੋਂ ਬੱਚਿਆਂ ਨੂੰ ਲੈਣ ਲਈ ਸਕੂਲੀ ਬੱਸਾਂ ਰੋਜ਼ਾਨਾ ਦੀ ਤਰਾਂ ਪਹੁੰਚੀਆਂ। ਇੰਜ ਅਕਾਲ ਅਕੈਡਮੀਆਂ ਨੇ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਕੇ ਆਮ ਵਾਂਗ ਅਕੈਡਮੀਆਂ ’ਚ ਬੱਚਿਆਂ ਦੀ ਪੜਾਈ ਦਾ ਸਿਲਸਿਲਾ ਜਾਰੀ ਰੱਖਿਆ। ਆਮ ਲੋਕਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਨੇ ਸਾਡੇ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ, ਪਰ ਅਸੀਂ ਉਨਾਂ ਦੇ ਦਿਹਾੜਿਆਂ ਨੂੰ ਭੁੱਲਦੇ ਜਾ ਰਹੇ ਹਾਂ। ਲੋਕਾਂ ਦੀ ਮੰਗ ਹੈ ਕਿ ਜਦੋਂ ਗਜ਼ਟਿਡ ਛੁੱਟੀ ’ਤੇ ਸਰਕਾਰੀ ਅਦਾਰੇ ਅਤੇ ਸਕੂਲ ਬੰਦ ਹੋ ਸਕਦੇ ਹਨ ਤਾਂ ਪ੍ਰਾਈਵੇਟ ਸਕੂਲਾਂ ਨੂੰ ਵੀ ਗਜ਼ਟਿਡ ਛੁੱਟੀ ਵਾਲੇ ਦਿਨ ਬੰਦ ਰੱਖਿਆ ਜਾਵੇ ਅਤੇ ਜਿਹੜੇ ਸਕੂਲ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹਨ, ਉਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਅਕਾਲ ਅਕੈਡਮੀਆਂ ਦੇ ਜਿਲਾ ਇੰਚਾਰਜ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਬੀਤੇ ਦਿਨਾਂ ਵਿਚ ਧੁੰਦ ਕਾਰਨ ਛੁੱਟੀਆਂ ਜ਼ਿਆਦਾ ਹੋ ਗਈਆਂ ਸਨ ਅਤੇ ਪੇਪਰਾਂ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਖੋਲੇ ਗਏ ਅਤੇ ਸਕੂਲਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ’ਤੇ ਪ੍ਰੋਗਰਾਮ ਰੱਖੇ ਹੋਏ ਸਨ। ਉਹਨਾਂ ਆਖਿਆ ਕਿ ਸਿਰਫ਼ ਅੱਜ ਹੀ ਸਕੂਲ ਖੁਲੇ ਨਹੀਂ ਰੱਖੇ ਗਏ ਸਗੋਂ ਰੋਜ਼ਾਨਾ ਸਕੂਲ ਸਮੇਂ ਤੋਂ ਉਪਰੰਤ ਵਿਦਿਆਰਥੀਆਂ ਨੂੰ ਇਕ ਘੰਟਾ ਜ਼ਿਆਦਾ ਪੜਾਇਆ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਬਾਹਰੋਂ ਟਿੳੂਸ਼ਨ ਨਾ ਰੱਖਣੀ ਪਵੇ। ਉਨਾਂ ਕਿਹਾ ਕਿ ਅਸੀਂ ਜਾਣਬੁੱਝ ਕੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਬਲਕਿ ਵਿਦਿਆਰਥੀਆਂ ਦੇ ਵਡੇਰੇ ਹਿਤਾਂ ਲਈ ਸਕੂਲ ਖੁਲੇ ਰੱਖੇ। ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ ਦੇ ਪ੍ਰਤੀਨਿੱਧ ਨੇ ਅਕਾਲ ਅਕੈਡਮੀਆਂ ਦੇ ਅਧਿਆਪਕਾਂ ਨਾਲ ਵੀ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅੱਜ ਕਈ ਜਗਹ ਤਾਂ ਦੋ ਪੀਰੀਅਡ ਵਿਦਿਆਰਥੀਆਂ ਵੱਲੋਂ ਗੁਰਬਾਣੀ ਉਚਾਰਨ ਕੀਤਾ ਗਿਆ ਅਤੇ ਬਾਕੀ ਸਮਾਂ ਪੜਾਈ ਹੋਈ ,ਪਰ ਕਈ ਅਕੈਡਮੀਆਂ ਵਿਚ ਸਿਰਫ਼ ਇਕ ਭਾਸ਼ਣ ਨਾਲ ਹੀ ਡੰਗ ਸਾਰ ਦਿੱਤਾ ਗਿਆ । ਇਸ ਸਬੰਧੀ ਜਦੋਂ ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਗਜ਼ਟਿਡ ਛੁੱਟੀਆਂ ਮੌਕੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਬੰਦ ਰੱਖੇ ਜਾਣ ਸਬੰਧੀ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਅਕਾਲ ਅਕੈਡਮੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।