ਕਿਸਾਨ ਵੀਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਮਿੱਟੀ ਦੀ ਜਾਂਚ ਕਰਵਾਉਣ ਉਪਰੰਤ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨ-ਡਾ: ਹਰਜੋਤ ਕਮਲ

* ਕੈਪਟਨ ਸਰਕਾਰ ਸੂਬੇ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ--ਡਾ: ਹਰਜੋਤ 
ਮੋਗਾ 17 ਨਵੰਬਰ:(ਜਸ਼ਨ):ਕਿਸਾਨ ਵੀਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਉਣ ਉਪਰੰਤ ਹੀ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀਆਂ ਯੋਗ ਸਿਫ਼ਾਰਸਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਜ਼ਮੀਨਾਂ ਦਾ ਵਰਗੀਕਰਨ ਕਰਕੇ ਮਿੱਟੀ ਦੇ ਸੈਂਪਲ ਲੈ ਕੇ ਟੈਸਟ ਕੀਤੇ ਜਾਂਦੇ ਹਨ ਅਤੇ ਇੰਨਾਂ ਟੈਸਟਾਂ ਦੇ ਅਧਾਰ ‘ਤੇ ਹੀ ਕਿਸਾਨਾਂ ਨੂੰ ਜ਼ਮੀਨ ‘ਚ ਲੋੜੀਂਦੀਆਂ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਰਾਹੀਂ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਕਣਕ ਦੇ ਬੀਜ ‘ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਕੀਤੀਆਂ ਬੀਜ ਪ੍ਰਮਾਣਿਤ ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪਨਸੀਡ, ਇਫ਼ਕੋ ਅਤੇ ਕਿ੍ਰਭਕੋ ਆਦਿ ਤੋਂ ਤਸਦੀਕ-ਸ਼ੁਦਾ ਬੀਜ ਖ੍ਰੀਦ ਕਰਨ ‘ਤੇ 50 ਫ਼ੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਦੇ ਸਿੱਧਾ ਬੈਂਕ ਖਾਤੇ ਵਿੱਚ ਜਮਾਂ ਕਰਾਈ ਜਾਵੇਗੀ। ਡਾ: ਹਰਜੋਤ ਕਮਲ ਨੇ ਕਿਸਾਨਾਂ ਨੂੰ ਕੁਦਰਤੀ ਅਤੇ ਜੈਵਿਕ ਖੇਤੀ ਵੱਲ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਕੁਦਰਤੀ ਢੰਗਾਂ ਨਾਲ ਜ਼ਹਿਰ ਮੁਕਤ ਸ਼ਬਜ਼ੀਆਂ, ਦਾਲਾਂ, ਫ਼ਲ ਆਦਿ ਦੀ ਖੇਤੀ ਨੂੰ ਤਰਜੀਹ ਦੇਣ ਅਤੇ ਘੱਟੋ-ਘੱਟ ਆਪਣੇ ਖਾਣ ਲਈ ਸ਼ਬਜ਼ੀਆਂ ਆਦਿ ਦੀ ਬੀਜਾਈ ਜ਼ਰੂਰ ਕਰਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ‘ਤੇ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਿਕ ਖਾਦਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਕਿਸਾਨ ਵੀਰਾਂ ਵੱਲੋਂ ਹਰ ਫ਼ਸਲੀ ਸੀਜਨ ਦੌਰਾਨ ਵਧੇਰੇ ਉਪਜ ਲੈਣ ਲਈ ਫ਼ਸਲ ‘ਤੇ ਵੱਧ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਜ਼ਹਿਰਾਂ ਦਾ ਛਿੜਕਾਅ ਕੀਤਾ ਜਾਂਦਾ ਹੈ, ਜਿਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਮਾੜਾ ਪ੍ਰਭਾਵ ਪੈਂਦਾ ਹੈ, ਉੱਥੇ ਜ਼ਹਿਰਾਂ ਤੋਂ ਤਿਆਰ ਖਾਧ-ਪਦਾਰਥ ਮਨੁੱਖੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਅਤੇ ਇੰਨਾਂ ਨਾਲ ਵਾਤਾਵਰਣ ਤੇ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੁੰਦਾ ਹੈ।