ਫਸਲ ਦੀ ਸੰਭਾਲ ਅਤੇ ਅਦਾਇਗੀ ਦੇ ਨਾਲ ਨਾਲ ਫਸਲੀ ਕਰਜ਼ੇ ਨੂੰ ਮੁਆਫ਼ ਕਰਦਿਆਂ ਕੈਪਟਨ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ-ਰਵੀ ਗਰੇਵਾਲ

ਮੋਗਾ 22 ਨਵੰਬਰ(ਜਸ਼ਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਵੱਲੋਂ ਮੰਡੀਆਂ ਵਿਚ ਕੀਤੇ ਸੁਚਾਰੂ ਪ੍ਰਬੰਧਾਂ ਸਦਕਾ ਇਸ ਵਾਰ ਸੂਬੇ ਦੇ ਕਿਸਾਨਾਂ  ਦੀ ਮੰਡੀਆਂ ਵਿਚ ਆਈ ਫਸਲ ਦੀ ਨਾ ਸਿਰਫ ਤੁਰੰਤ ਖਰੀਦ ਹੋਈ ਬਲਕਿ ਨਾਲੋ ਨਾਲ ਲਿਫਟਿੰਗ ਵੀ ਹੁੰਦੀ ਰਹੀ ਅਤੇ ਕੁਸ਼ਲ ਪ੍ਰਸ਼ਾਸਨ ਦਾ ਸਬੂਤ ਦਿੰਦਿਆਂ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦੀ ਅਦਾਇਗੀ ਵੀ ਯਕੀਨੀ ਤੌਰ ‘ਤੇ ਕਰ ਦਿੱਤੀ ਗਈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਰਵੀ ਗਰੇਵਾਲ ਨੇ ਆਖਿਆ ਕਿ ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਹੁਣ ਤੱਕ ਕੁੱਲ ੧੭੪੩੬੩੦੫ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ  ਇਸ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ 98.5 ਫੀਸਦੀ ਖਰੀਦ ਕੀਤੀ ਹੈ ਜਦ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ 373613 ਟਨ  (2.1 ਫੀਸਦੀ ) ਝੋਨੇ ਦੀ ਖਰੀਦ ਹੀ ਕੀਤੀ ਗਈ ਹੈ। ਉਹਨਾਂ  ਆਖਿਆ ਕਿ ਜੇ ਸਿਰਫ ਮੋਗੇ ਜ਼ਿਲੇ ਦੀ ਗੱਲ ਕਰੀਏ ਤਾਂ ਜ਼ਿਲੇ ਦੀਆਂ ਮੰਡੀਆਂ ਵਿੱਚ ਪਿਛਲੇ ਸਾਲ ਦੀ ਹੋਈ ਕੁੱਲ ਖ੍ਰੀਦ 13,08,894 ਮੀਟਿ੍ਰਕ ਟਨ ਦਾ ਅੰਕੜਾ ਪਾਰ ਹੋ ਚੁੱਕਾ ਹੈ ਜਦਕਿ ਪਿਛਲੇ ਸਾਲ ਇਸ ਦਿਨ ਤੱਕ 12,85,460 ਮੀਟਿ੍ਰਕ ਟਨ ਝੋਨੇ ਦੀ ਖ੍ਰੀਦ ਹੋਈ ਸੀ। ਉਨਾਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ 13,20,686 ਮੀਟਿ੍ਰਕ ਟਨ ’ਤੇ ਪੁੱਜ ਗਈ ਹੈ। ਉਹਨਾਂ ਆਖਿਆ ਕਿ ਜ਼ਿਲੇ ਵਿੱਚ ਝੋਨੇ ਦੀ ਖ੍ਰੀਦ ਨਿਰਵਿਘਨ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ 1970.66 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ, ਜੋ ਕਿ ਖ੍ਰੀਦ ਕੀਤੇ ਝੋਨੇ ਦੇ 48 ਘੰਟਿਆਂ ਦੀ ਬਣਦੀ ਕੁੱਲ 2059.55 ਕਰੋੜ ਰੁਪਏ ਦੀ ਅਦਾਇਗੀ ਦਾ 95.68 ਫ਼ੀਸਦ ਹੈ। ਉਨਾਂ ਆਖਿਆ ਕਿ ਕੈਪਟਨ ਦੀ ਅਗਵਾਈ ਵਿਚ ਮਾਰਚ 2017 ਦੌਰਾਨ ਸੱਤਾ ਸੰਭਾਲਣ ਤੋਂ ਬਾਅਦ ਕਾਂਗਰਸ ਨੇ ਕਿਸਾਨਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਸਿਰਤੋੜ ਯਤਨ ਆਰੰਭ ਦਿੱਤੇ ਹਨ ਅਤੇ ਝੋਨੇ ਦੀ ਪਹਿਲੀ ਹੀ ਫਸਲ ਦੀ ਸੰਭਾਲ ਅਤੇ ਅਦਾਇਗੀ ਕਰਨ ਦੇ ਨਾਲ ਨਾਲ ਫਸਲੀ ਕਰਜ਼ੇ ਨੂੰ ਮੁਆਫ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਸੱਚਮੁੱਚ ਕਿਸਾਨ ਹਿਤੈਸ਼ੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ।