ਮੋਗਾ ਟੀਮ ਫਾਰ ਸੋਸ਼ਲ ਵੈਲਫੇਅਰ ਸੁਸਾਇਟੀ ਬੇਸਹਾਰਾ ਲੋਕਾਂ ਲਈ ਬਣੀ ਮਸੀਹਾ:ਪ੍ਰਧਾਨ ਰਾਜਵੀਰ

ਡਰੋਲੀ ਭਾਈ, 19 ਨਵੰਬਰ (ਜਸ਼ਨ): ਇਲਾਕਾ ਵਾਸੀਆਂ ਦੀ ਨਿਰੰਤਰ ਸੇਵਾ ਅਤੇ ਸਹਾਇਤਾ ਲਈ ਮੋਗਾ ਟੀਮ ਫਾਰ ਸੋਸ਼ਲ ਵੈਲਫੇਅਰ ਸੁਸਾਇਟੀ ਹਰ ਸਮੇਂ ਸਰਗਰਮ ਰਹਿੰਦੀ ਹੈ, ਜਿਸ ਦਾ ਮੁੱਖ ਮਨੋਰਥ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਾ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੋਗਾ ਹਲਕੇ ਦੇ ਲੋਕਾਂ ਦੇ ਹਰ ਦੁੱਖ- ਸੁੱਖ, ਗਮੀ-ਖੁਸ਼ੀ ਵਿਚ ਹਾਜਰ ਹੋ ਕੇ ਸੁਸਾਇਟੀ ਵੱਲੋਂ ਉਨਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਸੁਸਾਇਟੀ ਵੱਲੋਂ ਬੇਸਹਾਰਾ ਲੋਕਾਂ ਲਈ ਠੰਡ ਤੋਂ ਬਚਣ ਲਈ ਪਿੰਡ-ਪਿੰਡ ਜਾ ਕੇ ਕੰਬਲ, ਕੱਪੜੇ ਤੇ ਬੂਟ ਇਕੱਠੇ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਸੰਸਥਾ ਦੁਆਰਾ ਇਨਾਂ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਮੋਗਾ ਦੇ ਲੋਕਾਂ ਦੀ ਸੇਵਾ-ਸੰਭਾਲ ਲਈ ਤਤਪਰ ਹੈ। ਉਨਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਦੁਖੀਆਂ, ਬੇਸਹਾਰਾ, ਲੋੜਵੰਦਾਂ ਦੀ ਸੇਵਾ, ਲੋਕਾਂ ਦੀਆਂ ਰੋਜ਼ ਮਰਾ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ, ਭਰੂਣ ਹੱਤਿਆ ਅਤੇ ਦਿਨੋਂ-ਦਿਨ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਉਪਰਾਲੇ ਕਰਨ, ਉਨਾਂ ਨੂੰ ਮੁੜ ਖੁਸ਼ਹਾਲ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਣ, ਖ਼ੂਨਦਾਨ ਕੈਂਪ, ਨੇਤਰਦਾਨ, ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਦੀ ਜਾਂਚ ਤੇ ਇਲਾਜ ਦਾ ਰਾਹ ਦਿਖਾਉਣ, ਗੳੂ, ਗਰੀਬ ਦੀ ਰਾਖੀ ਲਈ ਉਨਾਂ ਨਾਲ ਖੜਨ, ਬਿਹਤਰ ਸਿਹਤ ਸਹੂਲਤਾਂ ਤੇ ਚੰਗੀ ਵਿੱਦਿਆ ਦਿਵਾਉਣ ਲਈ ਉਪਰਾਲੇ ਕਰਨ ਅਤੇ ਹੋਰ ਦੁੱਖਦੇ-ਸੁੱਖਦੇ ਇਲਾਕਾ ਵਾਸੀਆਂ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਲਾ ਕੇ ਖੜਨਾ ਹੈ। ਉਨਾਂ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਅਤੇ ਭਰੂਣ ਹੱਤਿਆ ਰੋਕਣ ਲਈ ਹਰ ਹਫਤੇ ਪਿੰਡ-ਪਿੰਡ ਜਾਗਰੂਕ ਕੈਂਪ ਲਗਾਏ ਜਾਂਦੇ ਹਨ। ਪ੍ਰਧਾਨ ਰਾਜਵੀਰ ਸਿੰਘ ਨੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਵੱਧ ਤੋਂ ਵੱਧ ਇਸ ਸੁਸਾਇਟੀ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਇਕਬਾਲ ਸਿੰਘ, ਜਸਦੀਪ ਸਿੰਘ, ਹਰਪਾਲ ਸਿੰਘ (ਸਾਰੇ ਮੈਂਬਰ) ਹਾਜਰ ਸਨ।


