ਜਥੇਦਾਰ ਤੋਤਾ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਨਣ ਨਾਲ ਦਲ ਮਜ਼ਬੂਤ ਹੋਵੇਗਾ : ਅਕਾਲੀ ਆਗੂ

ਮੋਗਾ, 19 ਨਵੰਬਰ  (ਜਸ਼ਨ): : ਮਾਲਵੇ ਦੀ ਅਕਾਲੀ ਸਿਆਸਤ ਦਾ ਧੁਰਾ, ਟਕਸਾਲੀ ਆਗੂ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਤੋਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਮਗਰੋਂ ਮਾਲਵਾ ਖਿੱਤੇ ਦੇ ਟਕਸਾਲੀ ਆਗੂਆਂ ਅਤੇ ਵਰਕਰਾਂ ’ਚ ਨਵਾਂ ਜੋਸ਼ ਪੈਦਾ ਹੋ ਗਿਆ ਹੈ।  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਜ਼ਿਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ,   ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ, ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ,  ਸੁਖਵਿੰਦਰ ਸਿੰਘ ਦਾਤੇਵਾਲ, ਗੁਰਮੀਤ ਸਿੰਘ ਗਗੜਾ,  ਗੁਰਮੀਤ ਸਿੰਘ ਸਾਫ਼ੂਵਾਲਾ ਅਤੇ ਜ਼ਿਲਾ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸਤਵੰਤ ਸਿੰਘ ਸੱਤਾ ਮੀਨੀਆ ਨੇ ਕਿਹਾ ਕਿ ਮਾਲਵਾ ਖੇਤਰ ਵਿਚ ਅਕਾਲੀ ਦਲ ਦਾ ਮੁੱਢ ਬੰਨਣ ਵਾਲੇ ਆਗੂਆਂ ਵਿਚ ਜਥੇਦਾਰ ਤੋਤਾ ਸਿੰਘ ਦਾ ਨਾਮ ਸ਼ਾਮਿਲ ਹਨ ਜਿੰਨਾਂ ਨੇ ਹਰ ਔਖੇ ਸੌਖੇ ਸਮੇਂ ਪਾਰਟੀ ਦੇ ਹਿੱਤਾਂ ਦੀ ਡੱਟ ਕੇ ਪਹਿਰੇਦਾਰੀ ਕਰਨ ਨੂੰ ਹਮੇਸ਼ਾ ਹੀ ਤਰਜ਼ੀਹ ਦਿੱਤੀ ਹੈ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਤੋਤਾ ਸਿੰਘ ਨੂੰ ਵੱਡਾ ਜਿੰਮੇਵਾਰੀ ਦੇ ਕੇ ਸਹੀ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਮੁੜਲੇ ਪੜਾਅ ’ਤੇ ਹੀ ਅੱਕ ਚੁੱਕੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਵਿਰੋਧੀ ਪਾਰਟੀਆਂ ਨੂੰ ਵੱਡੇ ਫਰਕ ਨਾਲ ਹਰਾਏਗਾ।