ਪੰਜਾਬ ਪੁਲਿਸ ਨੇ ਭਾਰਤ-ਪਾਕਿ ਬਾਰਡਰ ਤੋਂ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਹੈਰੋਇਨ ਦੀ ਹੁਣ ਤੱਕ ਸਭ ਤੋਂ ਵੱਡੀ(22 ਪੈਕਿਟ ) ਬ੍ਰਾਮਦਗੀ

 ਚੰਡੀਗੜ, 18 ਨਵੰਬਰ (ਜਸ਼ਨ): ਨਸ਼ਿਆਂ ਦੇ ਵਪਾਰ ਤੇ ਤਸਕਰੀ ਵਿਰੁੱਧ ਆਪਣੀ ਮੁਹਿਮ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਜ਼ਿਲੇ ਦੇ ਸਰਹੱਦੀ ਖੇਤਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਸਮਗਲਰਾਂ ਨੂੰ ਗਿ੍ਰਫਤਾਰ ਕੀਤਾ ਹੈ ਜਿਨਾਂ ਵਿਚ  ਗੁਰਦੀਪ ਸਿੰਘ ਪੁੱਤਰ ਜਰਨੈਲ ਸਿੰਘ, ਮਹਾਂਵੀਰ ਸਿੰਘ ਉਰਫ਼ ਤੋਤਾ ਅਤੇ ਸੁਖਬੀਰ ਸਿੰਘ ਉਰਫ਼ ਸੋਨੀ ਪੁੱਤਰ ਨਿਰਵੈਰ ਸਿੰਘ ਨੰੂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ ਪਰ ਮੁੱਖ ਸ਼ੱਕੀ ਬਦਨਾਮ ਤਸਕਰ ਮਨਜੀਤ ਸਿੰਘ ਉਰਫ਼ ਮੰਨਾ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਮੁੱਖ ਦੋਸ਼ੀ ਹੋਣ ਕਰਕੇ ਮੰਨੇ ਦੀ ਸਰਗਰਮੀ ਨਾਲ ਭਾਲ ਜਾਰੀ ਹੈ।ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਵਿਚ ਨਸ਼ਿਆਂ ਦੀ ਇਕੋ-ਇਕ ਸਭ ਤੋਂ ਵੱਡੀ ਖੇਪ ਨੂੰ ਕਾਬੂ ਕਰਨ ਵਿੱਚ ਪੁਲਿਸ ਤੇ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ) ਦੇ ਸਾਂਝੇ ਅਪਰੇਸ਼ਨ ਨਾਲ ਅੰਜਾਮ ਤੱਕ ਪਹੰੁਚਾਇਆ ਗਿਆ।ਬੁਲਾਰੇ ਅਨੁਸਾਰ ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਅਤੇ ਆਈ.ਜੀ. ਕਾਂਉਟਰ ਇੰਟੈਲੀਜੈਂਸ ਅਮਿਤ ਪ੍ਰਸ਼ਾਦ ਦੇ ਨਿਰਦੇਸ਼ਾਂ ਹੇਠ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਨਰਿੰਦਰ ਸਿੰਘ ਏ.ਆਈ.ਜੀ ਫਿਰੋਜਪੁਰ ਦੀ ਅਗਵਾਈ ਹੇਠ ਸਰਹੱਦੀ ਰੋਡ ਚੌਂਕ, ਨੇੜੇ ਬੱਸ ਅੱਡਾ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੂੰ ਸੂਹ ਮਿਲੀ ਸੀ ਕਿ ਤਸਕਰ ਮੰਨਾ ਅਤੇ ਉਸ ਦਾ ਭਰਾ ਪਿੰਡ ਗੱਟੀ ਰਾਜੋ ਕੇ ਅਤੇ ਬੀ.ਐਸ.ਐਫ ਦੀ ਚੌਕੀ ‘ਸਤਪਾਲ ਖੰਭਾ’ ਨੰਬਰ 187/11 ਦੇ ਇਲਾਕੇ ਵਿਚ ਭਾਰਤ-ਪਾਕਿ ਸਰਹੱਦ ਦੀ ਵਾੜ ਦੇ ਨੇੜੇ ਹੈਰੋਇਨ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ।ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪਾਕਿਸਤਾਨੀ ਤਸਕਰ ਨਵਾਬ ਆਪਣੇ ਸਾਥੀਆਂ ਸਮੇਤ ਵਾੜ ਉਪਰੋਂ ਨਸ਼ਿਆਂ ਦੀ ਖੇਪ ਸੁੱਟ ਰਿਹਾ ਸੀ ਜਿਸ ਤੇ ਬੀ.ਐਸ.ਐਫ. ਨੇ ਲਲਕਾਰਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਨਾਂ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਰਕੇ ਬੀ.ਐਸ.ਐਫ. ਜਵਾਨਾਂ ਨੇ ਵੀ ਮੋੜਵਾਂ ਜਵਾਬ ਦਿੱਤਾ। ਇਸ ਦੌਰਾਨ ਪਾਕਿਸਤਾਨੀ ਤਸਕਰ ਖੇਪ ਛੱਡ ਕੇ ਭੱਜ ਨਿੱਕਲੇ ਪਰ ਇੱਧਰੋਂ ਇਹ ਖੇਪ ਹਾਸਲ ਕਰਨ ਪੁੱਜੇ ਤਿੰਨ ਸ਼ੱਕੀ ਭਾਰਤੀ ਤਸਕਰਾਂ ਨੂੰ ਪੁਲਿਸ ਨੇ ਦਬੋਚ ਲਿਆ।ਤਸਕਰਾਂ ਕੋਲੋਂ ਕਾੳੂਂਟਰ ਇੰਟੈਲੀਜੈਂਸ ਟੀਮ ਨੂੰ ਇੱਕ ਚਿੱਟੀ ਆਈ-20 ਕਾਰ, 22 ਪੈਕਿਟ ਹੈਰੋਇਨ, ਇੱਕ 9 ਐਮ.ਐਮ. ਦਾ ਪਸਤੌਲ, ਇੱਕ ਮੈਗਜ਼ੀਨ ਸਮੇਤ 11 ਜ਼ਿੰਦਾ ਕਾਰਤੂਸ ਅਤੇ ਇਕ ਪਾਕਿਸਤਾਨੀ ਸਿਮ ਕਾਰਡ ਬਰਾਮਦ ਕੀਤਾ ਹੈ। ਇਸ ਸਬੰਧੀ ਮੁਕੱਦਮਾ ਨੰਬਰ 335, ਮਿਤੀ 18-11-17 ਨੂੰ ਐਨ.ਡੀ.ਪੀ.ਅੈਸ. ਐਕਟ ਤਹਿਤ ਧਾਰਾ 21/25/29/61/85, ਅਸਲਾ ਕਾਨੂੰਨ ਦੀ ਧਾਰਾ 25/54/59 ਅਤੇ ਸੂਚਨਾ ਤਕਨੀਕ ਕਾਨੂੰਨ ਦੀ ਧਾਰਾ 66-ਡੀ/66-1 ਅਧੀਨ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਦਰਜ ਕਰ ਲਿੲਆ ਹੈ ਅਤੇ ਹੋਰ ਛਾਣਬੀਣ ਜਾਰੀ ਹੈ।ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕਾਬੂ ਕੀਤੇ ਗਏ ਤਿੰਨੇ ਸਮਗਲਰਾਂ ਦਾ ਅਪਰਾਧਿਕ ਪਿਛੋਕੜ ਰਿਹਾ ਹੈ। ਮਨਜੀਤ ਸਿੰਘ ਉਰਫ਼ ਮੰਨਾ ‘ਤੇ 50,000 ਰੁਪਏ ਦੀ ਜਾਅਲੀ ਕਰੰਸੀ ਰੱਖਣ ਦਾ ਕੇਸ ਦਰਜ ਹੈ। ਮਹਾਂਵੀਰ ਸਿੰਘ ਉਰਫ਼ ਤੋਤਾ ਤੋਂ 15 ਕਿੱਲੋ ਹੈਰੋਇਨ ਦੀ ਬਰਾਮਦਗੀ  ਹੋਣ ਕਰਕੇ ਐਨ.ਡੀ.ਪੀ.ਅੈਸ. ਐਕਟ ਤਹਿਤ ਥਾਣਾ ਮਕਬੂਲਪੁਰਾ ਵਿਖੇ ਮਾਮਲਾ ਦਰਜ ਹੈ ਜਿਸ ਵਿੱਚ ਉਸਨੂੰ 15 ਸਾਲ ਦੀ ਜੇਲ ਹੋ ਚੁੱਕੀ ਹੇ। ਇਸ ਤੋਂ ਪਹਿਲਾਂ ਵੀ ਸਾਲ 2008 ਵਿੱਚ ਮਹਾਂਬੀਰ ਵਿਰੁੱਧ ਥਾਣਾ ਲੋਪੋਕੇ ਜ਼ਿਲਾ ਅੰਮਿ੍ਰਤਸਰ ਵਿਖੇ 15 ਕਿੱਲੋ ਹੈਰੋਇਨ ਦੀ ਬਰਾਮਦਗੀ ਹੋਣ ਕਰਕੇ ਐਨ.ਡੀ.ਪੀ.ਅੈਸ. ਐਕਟ ਤਹਿਤ 15 ਸਾਲ ਦੀ ਕੈਦ ਹੋਈ ਹੈ ਅਤੇ ਉਹ ਅੱਜ ਕੱਲ ਫਰੀਦਕੋਟ ਜੇਲ ਤੋਂ 42 ਦਿਨਾਂ ਦੀ ਪੈਰੋਲ ‘ਤੇ ਆਇਆ ਹੋਇਆ ਸੀ। ਇਸ ਤੋਂ ਇਲਾਵਾ ਸੁਖਬੀਰ ਸਿੰਘ ਉੱਪਰ 2003 ਵਿੱਚ 2 ਕਿੱਲੋ ਹੈਰੋਇਨ ਦੀ ਬ੍ਰਾਮਦਗੀ ਕਾਰਨ ਥਾਣਾ ਡੀ.ਆਰ.ਆਈ. ਦਿੱਲੀ ਵਿੱਚ ਐਨ.ਡੀ.ਪੀ.ਅੈਸ. ਐਕਟ ਅਧੀਨ ਮਾਮਲਾ ਦਰਜ ਹੈ।