ਭਾਈ ਮਿੰਟੂ,ਜੌਹਲ ਤੇ ਗੁਗਨੀ ਨੂੰ ਭੇਜਿਆ 30 ਤੱਕ ਨਿਆਇਕ ਹਿਰਾਸਤ ਵਿੱਚ, ਸ਼ੇਰਾ ਇੱਕ ਦਿਨਾਂ ਪੁਲਿਸ ਰਿਮਾਂਡ ‘ਤੇ

ਬਾਘਾਪੁਰਾਣਾ,17 ਨਵੰਬਰ (ਜਸਵੰਤ ਗਿੱਲ ਸਮਾਲਸਰ)- ਪੰਜਾਬ ਵਿੱਚ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵਲੋਂ ਕਾਬੂ ਕੀਤੇ ਅਤੇ ਪੁਲਿਸ ਰਿਮਾਂਡ ‘ਤੇ ਲਏ ਗਏ ਭਾਈ ਹਰਮਿੰਦਰ ਸਿੰਘ ਮਿੰਟੂ,ਧਰਮਿੰਦਰ ਗੁਗਨੀ,ਜਗਤਾਰ ਸਿੰਘ ਜੱਗੀ ਜੌਹਲ ਅਤੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਕਰਕੇ ਉਨ੍ਹਾਂ ਨੂੰ ਸਥਾਨਕ ਸ਼ਹਿਰ ਬਾਘਾਪੁਰਾਣਾ ਦੀ ਅਦਾਲਤ ਵਿੱਚ ਭਾਰੀ ਪੁਲਿਸ ਸੁਰੱਖਿਆ ਫੋਰਸਾਂ ਦੀ ਨਿਗਰਾਨੀ ਹੇਠ ਜੱਜ ਪੁਸ਼ਪਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜੱਜ ਪੁਸ਼ਪਿੰਦਰ ਸਿੰਘ ਨੇ ਗੈਂਗਸਟਰ ਹਰਮਿੰਦਰ ਸਿੰਘ ਮਿੰਟੂ,ਜਗਤਾਰ ਸਿੰਘ ਜੱਗੀ ਜੌਹਲ,ਧਰਮਿੰਦਰ ਸਿੰਘ ਗੁਗਨੀ ਨੂੰ 30 ਤੱਕ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਦਿੱਤੇ ਗਏ ਅਤੇ ਹਰਦੀਪ ਸਿੰਘ ਸ਼ੇਰਾ ਦੇ ਇੱਕ ਦਿਨਾਂ ਪੁਲਿਸ ਰਿਮਾਂਡ ਵਿੱਚ ਵਾਧਾ ਕਰ ਦਿੱਤਾ ਹੈ।ਪੁੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਮਿੰਟੂ ਅਤੇ ਧਰਮਿੰਦਰ ਗੁਗਨੀ ਨੂੰ ਸਵੇਰ ਦੇ ਸਮੇਂ , ਜਗਤਾਰ ਸਿੰਘ ਜੱਗੀ ਜੌਹਲ ਨੂੰ ਦੁਪਹਿਰ ਅਤੇ ਹਰਦੀਪ ਸ਼ੇਰਾ ਨੂੰ ਸ਼ਾਮ ਸਮੇਂ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿੱਥੇ ਮਾਣਯੋਗ ਅਦਾਲਤ ਨੇ ਤਿੰਨ ਗੈਂਗਸਟਰਾਂ ਮਿੰਟੂ,ਗੁਗਨੀ ਅਤੇ ਜੌਹਲ ਨੂੰ 30 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਦਾ ਪੁੁਲਿਸ ਨੇ ਇੱਕ ਦਿਨਾਂ ਰਿਮਾਂਡ ਲੈ ਲਿਆ ਹੈ।ਜਗਤਾਰ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਾਣਯੋਗ ਅਦਾਲਤ ਵਿੱਚ ਜੌਹਲ ‘ਤੇ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੇ ਸਬੰਧ ਵਿੱਚ ਪਹਿਲਾਂ ਪੈ ਚੁੱਕੀ ਪੇਸ਼ੀ ਦੌਰਾਨ ਅਰਜ਼ੀ ਦਿੱਤੀ ਗਈ ਸੀ ਜੇਕਰ ਮਾਣਯੋਗ ਅਦਾਲਤ ਉਸ ਅਰਜ਼ੀ ‘ਤੇ ਕਾਰਵਾਈ ਕਰਦੀ ਹੈ ਤਾਂ ਤਿੰਨ ਡਾਕਟਰਾਂ ਦੇ ਬੋਰਡ ਕੋਲੋਂ ਜੌਹਲ ਦਾ ਮੈਡੀਕਲ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਜਗਤਾਰ ਨੇ ਆਪਣੀ ਪਹਿਲਾਂ ਪੈ ਚੁੱਕੀ ਪੇਸ਼ੀ ਵਿੱਚ ਦੱਸਿਆ ਸੀ ਕਿ ਪੁਲਿਸ ਨੇ ਉਸ ’ਤੇ ਥਰਡ ਡਿਗਰੀ ਟੌਰਚਰ ਦਾ ਇਸਤੇਮਾਲ ਕਰਦਿਆਂ ਉਸਦੇ ਕੰਨਾਂ ਹੇਠਾਂ ਅਤੇ ਇਤਰਾਜ਼ਯੋਗ ਅੰਗਾਂ ਨੂੰ ਕਰੰਟ ਲਾਇਆ ਅਤੇ ਉਸ ਦੀਆਂ ਲੱਤਾਂ ਖਿੱਚੀਆਂ ਹਨ’,ਇਸ ਕਰਕੇ ਹੀ ਉਹਨਾਂ ਮਾਣਯੋਗ ਅਦਾਲਤ ਵਿੱਚ ਇਸ ਸਬੰਧੀ ਅਰਜ਼ੀ ਦਿੱਤੀ ਸੀ ਤਾਂ ਜੋ ਇਸ ਦੀ ਜਾਂਚ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੌਹਲ ਬਿ੍ਰਟਿਸ਼ ਨਾਗਰਿਕ ਹੈ ਇਸ ਕਰਕੇ ਅੱਜ ਅਦਾਲਤ ਵਿੱਚ ਬਿ੍ਰਟਿਸ਼ ਕੌਸਲਰ ਦੀ ਮੈਂਬਰ ਵੀ ਪਹੁੰਚੀ ਸੀ, ਜਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।