ਸਾਹਿਤ ਦਿ੍ਰਸ਼ਟੀ ਦੇਣ ਦੇ ਨਾਲ ਨਾਲ ਮਾਨਸਿਕ ਤੌਰ ਤੇ ਮਜਬੂਤ ਕਰਦਾ ਹੈ- ਖੁਸ਼ਵੰਤ ਬਰਗਾੜੀ
ਨਿਹਾਲ ਸਿੰਘ ਵਾਲਾ,16 ਨਵੰਬਰ (ਰਾਜਵਿੰਦਰ ਰੌਂਤਾ)-ਮਰਹੂਮ ਸਵਰਨ ਬਰਾੜ ਯਾਦਗਰੀ ਲਾਇਬਰੇਰੀ ਬਿਲਾਸਪੁਰ ਵੱਲੋਂ ਲੇਖਕ ਵਿਚਾਰ ਮੰਚ ਦੇ ਸਹਿਯੋਗ ਨਾਲ ਬਿਲਾਸਪੁਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਹਿਤਕਾਰ ਖੁਸ਼ਵੰਤ ਬਰਗਾੜੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਬਿਲਾਸਪੁਰ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਆਯੋਜਤ ਸਾਹਿਤਕ ਸਮਾਗਮ ਨੂੰ ਸੰਬੋਧਨਂ ਕਰਦਿਆਂ ਮੁੱਖ ਮਹਿਮਾਨ ਸਾਹਿਤਕਾਰ ਖੁਸ਼ਵੰਤ ਬਰਗਾੜੀ ਨੇ ਹਾਜ਼ਰੀਨ ਨੂੰ ਪੁਸਤਕ ਸੱਭਿਅਚਾਰ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਹਿਤ ਦਿ੍ਰਸ਼ਟੀ ਦਿੰਦਾ ਹੈ। ਉਹਨਾਂ ਕਿਹਾ ਕਿ ਪੁਸਤਕਾਂ ਰਾਹੀਂ ਹੀ ਮਨ ਮਰਜ਼ੀ ਦੀ ਗੱਲ ਆਖੀ ਤੇ ਪੜੀ ਜਾ ਸਕਦੀ ਹੈ। ਬੇਸ਼ੱਕ ਗੂਗਲ ਰਾਹੀਂ ਦੁਨੀਆਂ ਦੀ ਥਾਹ ਪਾਈ ਜਾ ਸਕਦੀ ਹੈ ਪਰ ਉਸ ਵਿੱਚ ਸਭ ਕੁੱਝ ਪਹਿਲਾਂ ਫੀਡ ਕੀਤਾ ਹੁੰਦਾ ਹੈ । ਉਹਨਾਂ ਅਜੋਕੇ ਦੌਰ ਵਿੱਚ ਕੁਦਰਤੀ ਸਰੋਤਾਂ ਦਾ ਖਾਤਮੇਂ ,ਰਿਸ਼ਤਿਆਂ ਦੇ ਹੋ ਰਹੇ ਘਾਣ ਤੇ ਆਪਣੀ ਪਿਛੋਕੜ ਅਤੇ ਸੱਭਿਆਚਾਰ ਤੋਂ ਦੂਰ ਹੋਣ ਤੇ ਚਿੰਤਾ ਪ੍ਰਗਟ ਕੀਤੀ। ਪੱਤਰਕਾਰ ਲੇਖਕ ਤਰਨਦੀਪ ਦਿਉਲ ਨੇ ਕਿਹਾ ਕਿ ਵਿਦੇਸ਼ ਵਸਦੇ ਪੰਜਾਬੀ ਮਾਂ ਬੋਲੀ ਤੇ ਵਿਰਸੇ ਨਾਲ ਜੁੜ ਰਹੇ ਹਨ ਅਤੇ ਪੰਜਾਬ ’ਚ ਵਸਦੇ ਲੋਕਾਂ ਨੂੰ ਫੋਕੀ ਚਕਾਚੌਂਦ ਨੇ ਭਰਮਾ ਲਿਆ ਹੈ। ਵਿਸ਼ੇਸ਼ ਮਹਿਮਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਪ੍ਰਵਾਸੀ ਭਾਰਤੀ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨੇ ਸਵਰਨ ਬਰਾੜ ਯਾਦਗਰੀ ਲਾਇਬਰੇਰੀ ਦੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰਨ ਤੇ ਮੁਬਾਰਕ ਦਿੰਦਿਆਂ ਕਿਹਾ ਨੌਜਵਾਨ ਤਬਕੇ ਦਾ ਪੁਸਤਕ ਸੱਭਿਆਚਾਰ ਨਾਲ ਜੁੜਨਾ ਮਹੱਤਵਪੂਰਨ ਹੈ । ਇਸ ਸਮਾਗਮ ਵਿੱਚ ਸਾਧੂ ਸਿੰਘ ਬਰਾੜ,ਭੁਪਿੰਦਰ ਸਿੰਘ ਢਿੱਲੋਂ,ਪ੍ਰਧਾਨ ਹਰਵਿੰਦਰ ਧਾਲੀਵਾਲ,ਕੈਪਟਨ ਮੇਜਰ ਸਿੰਘ, ਹਰਵੀਰ ਹੈਰੀ ,ਜਸਵੰਤ ਰਾਉਕੇ, ਸੁਰਜੀਤ ਸਿੰਘ ਗਾਹਲਾ,ਰਾਜਵਿੰਦਰ ਰੌਂਤਾ ,ਬਲਜੀਤ ਅਟਵਾਲ,ਸੁਖਦੇਵ ਲੱਧੜ,ਅਮਰੀਕ ਸੈਦੋਕੇ ,ਸੀਰਾ ਗਰੇਵਾਲਾ,ਯਸ਼ ਪੱਤੋ,ਤੇਜਾ ਸਿੰਘ ਸੂਬੇਦਾਰ ਮੇਜਰ,ਗੁਰਚਰਨ ਸਿੰਘ ਰਾਮਾ,ਗੁਰਪ੍ਰੀਤ ਬਿਲਾਸਪੁਰ,ਰਾਜਪਾਲ ਪੱਤੋ,ਪ੍ਰਧਾਨ ਗੁਰਮੀਤ ਗੀਤਾ ਆਦਿ ਸਮੇਤ ਇਲਾਕੇ ਦੀਆਂ ਸਾਹਿਤਕ ਸਖਸ਼ੀਅਤਾਂ ਮੌਜੂਦ ਸਨ। ਬਰਗਾੜੀ ਪ੍ਰਕਾਸ਼ਨ ਵੱਲੋਂ ਸਾਹਿਤਕ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਹਾਜ਼ਰ ਕਵੀਆਂ ਨੇ ਤਾਜ਼ਾ ਰਚਨਾਵਾਂ ਵੀ ਪੇਸ਼ ਕੀਤੀਆਂ।