ਮੰਡੀਆਂ ਵਿੱਚ ਪਈਆਂ ਝੋਨੇ ਦੀਆਂ ਭਰੀਆਂ ਬੋਰੀਆਂ ਆਈਆਂ ਬਾਰਿਸ਼ ਦੀ ਲਪੇਟ ’ਚ

ਬਾਘਾਪੁਰਾਣਾ,16 ਨਵੰਬਰ (ਜਸਵੰਤ ਗਿੱਲ ਸਮਾਲਸਰ)-ਬੀਤੀ ਰਾਤ ਤੋਂ ਰੁੱਕ-ਰੁੱਕ ਕੇ ਹੋਈ ਬਾਰਿਸ਼ ਨਾਲ ਜਿੱਥੇ ਆਸਮਾਨ ‘ਤੇ ਚੜ੍ਹੀ ਧੂੰਏਂ ਦੀ ਧੁੰਦ ਹੇਠਾਂ ਡਿੱਗ ਪਈ ਹੈ ਤੇ ਮੌਸਮ ਸ਼ਾਫ ਹੋ ਜਾਣ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ  ਉੱਥੇ ਹੀ ਇਹ ਬਾਰਿਸ਼ ਖਰੀਦ ਏਜੰਸੀਆਂ ਅਤੇ ਕਿਸਾਨਾਂ ਲਈ ਘਾਤਕ ਸਾਬਤ ਹੋਈ ਹੈ,ਕਿਉਂਕਿ ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠ ਪਿਆ ਝੋਨਾ ਤੇ ਝੋਨੇ ਦੀਆਂ ਭਰੀਆਂ ਬੋਰੀਆਂ ਇਸ ਬਾਰਿਸ਼ ਦੀ ਮਾਰ ਹੇਠ ਆ ਗਈਆ ਹਨ।ਜ਼ਿਲ੍ਹੇ ਦੀਆ ਮੰਡੀਆਂ ਵਿੱਚ ਤਾਂ ਪਹਿਲਾਂ ਹੀ ਲੱਖਾਂ ਬੋਰੀਆਂ ਵੱਧ ਨਮੀ ਹੋਣ ਕਰਕੇ ਮੰਡੀਆਂ ਵਿੱਚ ਰੁੱਲ ਰਹੀਆ ਹਨ,ਉੱਪਰੋਂ ਇਸ ਬਾਰਿਸ਼ ਨਾਲ ਖਰੀਦ ਏਜੰਸੀਆਂ ਅਤੇ ਕਿਸਾਨਾਂ ਲਈ ਹੋਰ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆ ਹਨ।ਸਰਕਾਰ ਵਲੋਂ ਮੰਡੀਆਂ ਵਿੱਚ ਢੁੱਕਵੇਂ ਪ੍ਰਬੰਧ ਨਾ ਕਰਨ ਕਰਕੇ ਹੀ ਝੋਨੇ ਦੀਆਂ ਭਰੀਆਂ ਲੱਖਾਂ ਬੋਰੀਆਂ ਮੀਂਹ ਕਾਰਨ ਖਰਾਬ ਹੋ ਸਕਦੀਆਂ ਹਨ।ਹਲਕੇ ਦੀਆਂ ਅਨੇਕਾਂ ਹੀ ਮੰਡੀਆਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ,ਸਗੋਂ ਮੰਡੀਆਂ ਸੜਕ ਨਾਲੋਂ ਨੀਵੀਂਆਂ ਹੋਣ ਕਰਕੇ ਉਨ੍ਹਾਂ ਵਿੱਚ ਪਾਣੀ ਵਧੇਰੇ ਆ ਖੜ੍ਹਦਾ ਹੈ ਜਿਸ ਕਾਰਨ ਫਸਲ ਬਰਬਾਦ ਹੋ ਜਾਂਦੀ ਹੈ।ਇਸ ਦਾ ਤਾਜਾ ਸਬੂਤ ਹੈ ਪਿੰਡ ਠੱਠੀ ਭਾਈ ਦੀ ਅਨਾਜ ਮੰਡੀ ਜਿਸ ਵਿੱਚ ਚਹੁੰ ਪਾਸੇ ਤੋਂ ਮੀਂਹ ਦਾ ਪਾਣੀ ਆਣ ਖੜ੍ਹਾ ਹੈ ਅਤੇ ਉੱਥੇ ਪਈਆਂ ਝੋਨੇ ਦੀਆਂ ਭਰੀਆਂ ਬੋਰੀਆਂ ਇਸ ਦੀ ਮਾਰ ਹੇਠਾਂ ਆ ਗਈਆ ਹਨ।ਮੰਡੀ ਵਿੱਚ ਕੰਮ ਕਰਕੇ ਮਜ਼ਦੂਰਾਂ ਨੇ ਦੱਸਿਆ ਕਿ ਹਜ਼ਾਰਾਂ ਹੀ ਗੱਟੇ ਮੀਂਹ ਕਾਰਨ ਭਿੱਜ ਗਏ ਹਨ,ਮੰਡੀ ਤਾਂ ਕਈ ਦਿਨਾਂ ਦੀ ਖਤਮ ਹੋ ਗਈ ਹੈ ਪਰ ਇਸ ਨਮੀ ਵਾਲੇ ਝੋਨੇ ਕਾਰਨ ਹੀ ਉਹ ਬੈਠੇ ਹਨ ਇਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਗੱਟਿਆ ਦੀ ਚੁਕਾਈ ਯਕੀਨੀ ਬਣਾਉਣ ਤਾਂ ਜੋ ਹੋਰ ਹੋਣ ਵਾਲੀ ਬਾਰਿਸ਼ ਦੇ ਨੁਕਸਾਨ ਤੋਂ ਬਚਿਆ ਜਾ ਸਕੇ।ਇਸ ਸਬੰਧੀ ਜਦ ਖਰੀਦ ਏਜੰਸੀ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਉਹ ਗਿੱਲੇ ਗੱਟਿਆਂ ਨੂੰ ਤਾਂ ਚੁੱਕ ਨਹੀਂ ਸਕਦੇ ਹਾਂ ਜਿਉਂ ਹੀ ਇੱਕ-ਦੋ ਦਿਨਾਂ ਤੱਕ ਝੋਨਾ ਕੁਝ ਸੁੱਕ ਜਾਵੇਗਾ ਤਾਂ ਗੱਟੇ ਚੁੱਕ ਲਏ ਜਾਣਗੇ।