ਸਿਵਲ ਹਸਪਤਾਲ ਨੂੰ 11 ਲੱਖ ਰੁਪਏ ਦੀ ਐਂਬੂਲੈਂਸ ਪਾਵਰ ਕਾਰਪੋਰੇਸ਼ਨ ਨੇ ਕੀਤੀ ਭੇਂਟ

ਮੋਗਾ, 16 ਨਵੰਬਰ (ਜਸ਼ਨ): ਬੀਤੇ ਦਿਨੀ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਮੋਗਾ ਵਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਧਰਮਪਤਨੀ ਡਾ. ਰਜਿੰਦਰ ਕੌਰ, ਪੀ.ਏ. ਡਾ. ਜੀ.ਐਸ.ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਤੇ ਡੀ.ਜੀ.ਐਮ. ਪਾਵਰ ਕਾਰਪੋਰੇਸ਼ਨ ਸ਼੍ਰੀ ਪ੍ਰਕਾਸ਼ ਵਿਸ਼ਵਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਮੋਗਾ ਵਲੋਂ ਸਰਕਾਰੀ ਸਕੂਲ ਸਿੰਘਾਂਵਾਲਾ ਵਿਖੇ 8 ਬਾਥਰੂਮ ਬਣਾ ਕੇ ਦਿੱਤੇ ਗਏ ਹਨ ਅਤੇ 8 ਕਮਰਿਆਂ ਲਈ ਪ੍ਰਪੋਜਲ ਭੇਜ ਦਿੱਤੀ ਗਈ ਹੈ, ਜਿਸਨੂੰ ਮੰਜੂਰੀ ਆਉਣ ਤੇ ਸਕੂਲ ਨੂੰ 8 ਕਮਰੇ ਬਣਾ ਕੇ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਸਤੋਂ ਇਲਾਵਾ ਵੱਖ ਵੱਖ ਸਕੂਲਾਂ ਅਤੇ ਕਾਲਜ਼ਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਹਨ। ਇਸ ਮੌਕੇ ਤੇ ਉਨਾਂ ਨੇ ਸਿਵਲ ਹਸਪਤਾਲ ਮੋਗਾ ਨੂੰ 11 ਲੱਖ ਰੁਪਏ ਦੀ ਰਾਸ਼ੀ ਨਾਲ ਤਿਆਰ ਕੀਤੀ ਗਈ ਉੱਚ ਤਕਨੀਕੀ ਵੈਨ ਭੇਂਟ ਕੀਤੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਡਾ. ਰਜਿੰਦਰ ਕੌਰ, ਪੀ.ਏ. ਡਾ. ਜੀ.ਐਸ.ਗਿੱਲ, ਡੀ.ਜੀ.ਐਮ. ਪਾਵਰ ਕਾਰਪੋਰੇਸ਼ਨ ਅਤੇ ਉਨਾਂ ਦੀ ਟੀਮ ਦੇ ਸਮੂਹ ਅਧਿਕਾਰੀਆਂ ਨੇ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਨੂੰ ਵੈਨ ਦੀ ਆਰ.ਸੀ. ਸੌਂਪੀ ਅਤੇ ਉਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਡਾ. ਰਜਿੰਦਰ ਕੌਰ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਵਲੋਂ ਐਂਬੂਲੈਂਸ ਭੇਂਟ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ, ਜਿਸ ਨਾਲ ਮਰੀਜ਼ਾਂ ਨੂੰ ਹਸਪਤਾਲ ਲਿਆਉਣ ਵਿੱਚ ਕਾਫ਼ੀ ਮਦਦ ਮਿਲੇਗੀ ਅਤੇ ਸੜਕ ਦੁਰਘਟਨਾਵਾਂ ਅਤੇ ਹੋਰਨਾਂ ਘਟਨਾਵਾਂ ਦੌਰਾਨ ਜਖ਼ਮੀ ਮਰੀਜਾਂ ਨੂੰ ਸਹੀ ਸਮੇਂ ਤੇ ਸਿਵਲ ਹਸਪਤਾਲ ਤੱਕ  ਪਹੁੰਚਾਇਆ ਜਾ ਸਕੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਰਾਜੇਸ਼ ਅੱਤਰੀ, ਸਮੂਹ ਸਿਹਤ ਵਿਭਾਗ ਦਾ ਸਟਾਫ਼ ਨੇ ਪਾਵਰ ਕਾਰਪੋਰੇਸ਼ਨ ਲਿਮਟਿਡ ਮੋਗਾ ਦੇ ਡੀ.ਜੀ.ਐਮ. ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।