ਗੈਂਗਸਟਰ ਧਰਮਿੰਦਰ ਗੁਗਨੀ ਦਾ ਵੀ ਲਿਆ ਇੱਕ ਦਿਨਾ ਪੁਲਿਸ ਰਿਮਾਂਡ
ਬਾਘਾਪੁਰਾਣਾ,16 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪੰਜਾਬ ਪੁਲਿਸ ਵਲੋਂ ਗਿ੍ਰਫਤਾਰ ਕੀਤੇ ਵੱਖ-ਵੱਖ ਗੈਂਗਸਟਰਾਂ ਤੋਂ ਕੀਤੀ ਜਾ ਰਹੀ ਪੁਛਗਿੱਛ ਨਾਲ ਥਾਣਾ ਬਾਘਾਪੁਰਾਣਾ ਅਧੀਨ ਦਰਜ 2016 ਦੇ ਨਜਾਇਜ਼ ਅਸਲੇ ਵਾਲਾ ਕੇਸ ਵੱਧਦਾ ਹੀ ਜਾ ਰਿਹਾ ਹੈ।ਇਸ ਕੇਸ ਕਰਕੇ ਕਈ ਗੈਂਗਸਟਰ ਪੁਲਿਸ ਦੇ ਹੱਥੇ ਲੱਗੇ ਹਨ ਅਤੇ ਪੰਜਾਬ ਵਿੱਚ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ ਵੀ ਪੰਜਾਬ ਪੁਲਿਸ ਸੁਲਝਾਉਣ ਦੇ ਦਾਅਵੇ ਕਰ ਰਹੀ ਹੈ।ਥਾਣਾ ਬਾਘਾਪੁਰਾਣਾ ਵਿੱਚ ਦਰਜ ਕੇਸ ਨੇ ਕਈ ਗੈਂਗਸਟਰ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ ਅਤੇ ਇਸ ਦੀਆ ਕੜੀਆਂ ਨਾਭਾ ਜੇਲ੍ਹ ਵਿੱਚ ਬੰਦ ਗੈਂਗਸਟਰ ਧਰਮਿੰਦਰ ਗੁਗਨੀ ਨਾਲ ਵੀ ਜਾ ਜੁੜੀਆਂ ਹਨ। ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਜੰਗਜੀਤ ਸਿੰਘ ਰੰਧਾਵਾਂ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਗੁਗਨੀ ਉੱਪਰ ਪਹਿਲਾਂ ਥਾਣਾ ਧਰਮਕੋਟ ਵਿੱਚ ਕੇਸ ਦਰਜ ਸੀ ਜਿਸ ਕਰਕੇ ਇਹ ਨਾਭਾ ਜੇਲ੍ਹ ਵਿੱਚ ਬੰਦ ਸੀ ਹੁਣ ਰਮਨਦੀਪ ਨੇ ਇਸ ਦਾ ਨਾਮ 2016 ਦੇ ਅਸਲੇ ਵਾਲੇ ਕੇਸ ਵਿੱਚ ਵੀ ਲਿਆ ਹੈ ਜਿਸ ਕਰਕੇ ਪੁਲਿਸ ਇਸ ਨੂੰ ਨਾਭਾ ਜੇਲ੍ਹ ‘ਚੋ ਲੈ ਕੇ ਆਈ ਅਤੇ ਅੱਜ ਸਥਾਨਕ ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕਰਕੇ ਗੁਗਨੀ ਦਾ ਇੱਕ ਦਿਨਾਂ ਪੁੁਲਸ ਰਿਮਾਂਡ ਲੈ ਲਿਆ ਹੈ।ਉਨ੍ਹਾਂ ਦੱਸਿਆਂ ਕਿ ਗੁਗਨੀ ਦਾ ਨਾਭਾ ਜੇਲ੍ਹ ਕਾਂਡ ਨਾਲ ਕੋਈ ਸਬੰਧ ਨਹੀਂ ਹੈ।ਉਸ ਉੱਪਰ ਪਹਿਲਾਂ ਥਾਣਾ ਧਰਮਕੋਟ ਵਿੱਚ ਕੇਸ ਦਰਜ ਸੀ ਤੇ ਹੁਣ ਰਮਨਦੀਪ ਨੇ ਉਸ ਦਾ ਨਾਮ ਇਸ ਕੇਸ ਨਾਲ ਵੀ ਜੋੜਿਆ ਹੈ।