ਰਾਣਾ ਗੁਰਜੀਤ ਸਿੰਘ ਦੀ ਕੇਜਰੀਵਾਲ ਨੂੰ ਸਲਾਹ, ਕਿਹਾ ਆਪਣੀਆਂ ਸਮੱਸਿਆਵਾਂ ਦਾ ਹੱਲ ਬਾਹਰੋਂ ਨਾ ਲੱਭੋ

ਚੰਡੀਗੜ, 15 ਨਵੰਬਰ(ਪੱਤਰ ਪਰੇਰਕ)-ੳੂਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਬਾਹਰੋਂ ਲੱਭਣ ਦੀ ਕੋਸ਼ਿਸ਼ ਨਾ ਕਰਨ। ਦਿੱਲੀ ਦੇ ਪ੍ਰਦੂਸ਼ਨ ਲਈ ਪੰਜਾਬ ਅਤੇ ਹਰਿਆਣਾ ਨੂੰ ਦੋਸ਼ੀ ਠਹਿਰਾਉਣ ਲਈ ਸ੍ਰੀ ਕੇਜਰੀਵਾਲ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਟਿੱਪਣੀ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਨ ਦੇ ਕਾਰਨ ਹੋਰ ਹਨ ਕਿਉਂਕਿ ਪਰਾਲੀ ਦੇ ਧੂੰਏਂ ਦਾ ਇਸ ਪ੍ਰਦੂਸ਼ਨ ’ਚ 25 ਫੀਸਦੀ ਹਿੱਸਾ ਵੀ ਨਹੀਂ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪਰਾਲੀ ਦਾ ਧੂੰਆਂ ਸਿਰਫ ਕੁਝ ਸਮੇਂ ਲਈ ਸਮੱਸਿਆ ਪੈਦਾ ਕਰਦਾ ਹੈ ਜਦੋਂਕਿ ਦਿੱਲੀ ਪ੍ਰਦੂਸ਼ਨ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ। ਉਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਆਪਣੀ ਇਸ ਸਮੱਸਿਆ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਸ਼ਾਮਿਲ ਕਰਕੇ ਆਪਣੀਆਂ ਗਲਤੀਆਂ ਨੂੰ ਦੂਸਰਿਆਂ ਦੇ ਸਿਰ ਮੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਦਿੱਲੀ ਦੇ ਲੋਕਾਂ ਦਾ ਧਿਆਨ ਅਸਲ ਸਮੱਸਿਆ ਤੋਂ ਹਟਾਇਆ ਜਾ ਸਕੇ। ਦਿੱਲੀ ਦੇ ਪ੍ਰਦੂਸ਼ਨ ਦੇ ਵੱਡੇ ਸਰੋਤਾਂ ਦਾ ਪਤਾ ਲਾਉਣ ਤੇ ਇੰਨਾ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਸਬੰਧੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਮਸ਼ਵਰਾ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੀ ਸਮੱਸਿਆ ਦਾ ਹੱਲ ਪੰਜਾਬ ਜਾਂ ਹਰਿਆਣਾ ਵਿੱਚ ਨਹੀਂ ਬਲਕਿ ਦਿੱਲੀ ਵਿੱਚ ਹੀ ਹੈ ਅਤੇ ਲੋੜ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋ। ਰਾਣਾ ਗੁਰਜੀਤ ਸਿੰਘ ਨੇ ਸ੍ਰੀ ਕੇਜਰੀਵਾਲ ਨੂੰ ਕਿਹਾ ਕਿ ਬੀਜਿੰਗ ਉਲੰਪਿਕ ਤੋਂ ਪਹਿਲਾਂ ਚੀਨ ਵਿੱਚ ਵੀ ਬਹੁਤ ਧੂਆਂ ਅਤੇ ਪ੍ਰਦੂਸ਼ਨ ਸੀ ਅਤੇ ਉਥੋਂ ਦੀ ਸਰਕਾਰ ਨੇ ਨਕਲੀ ਬਾਰਿਸ਼ ਵਰਗੀਆਂ ਆਧੁਨਿਕ ਵਿਗਿਆਨਕ ਵਿਧੀਆਂ ਦੀ ਵਰਤੋਂ ਨਾਲ ਇਸ ਸਮੱਸਿਆ ਦਾ ਹੱਲ ਕੀਤਾ ਸੀ। ਉਨਾਂ ਸਵਾਲ ਕੀਤਾ ਕਿ ਦਿੱਲੀ ਸਰਕਾਰ ਅਜਿਹੇ ਹੱਲ ਅਪਨਾਉਣ ਦੀ ਜਗਾ ਦੂਸਰੇ ਰਾਜਾਂ ’ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ?