ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਮੋਗਾ 15 ਨਵੰਬਰ: (ਜਸ਼ਨ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸ਼ੁਰੂ ਹੋ ਚੁੱਕੇ ਕੰਮ ਤੋਂ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਜਾਣੂ ਕਰਵਾਉਣ ਲਈ ਅੱਜ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ. ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ 14 ਦਸੰਬਰ 2017 ਤੱਕ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨਾਂ ਦੱਸਿਆ ਕਿ 18 ਅਤੇ 25 ਨਵੰਬਰ ਨੂੰ ਬੀ.ਐਲ.ਓਜ਼ ਆਪਣੇ ਪੋਲਿੰਗ ਏਰੀਏ ਵਿੱਚ ਪਤਵੰਤੇ ਨਾਗਰਿਕਾਂ ਦੀ ਹਾਜ਼ਰੀ ਵਿੱਚ ਵੋਟਰ ਸੂਚੀ ਪੜ ਕੇ ਸੁਣਾਉਣਗੇ। ਉਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ 19 ਅਤੇ 26 ਨਵੰਬਰ (ਦੋਵੇਂ ਐਤਵਾਰ) ਨੂੰ ਬੂਥ ਲੈਵਲ ਅਫ਼ਸਰ ਆਪਣੇ ਪੋਲਿੰਗ ਸਟੇਸ਼ਨ ‘ਤੇ ਬੈਠ ਕੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨਗੇ। ਇਸ ਮੌਕੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੇ ਸੈਟ (ਇੱਕ ਸਾਫ਼ਟ ਕਾਪੀ ਅਤੇ ਇੱਕ ਹਾਰਡ ਕਾਪੀ) ਵੀ ਦਿੱਤੀ ਗਈ।    ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਆਪਣੇ ਬੂਥ ਲੈਵਲ ਏਜੰਟ ਲਾਜ਼ਮੀ ਲਗਾਉਣ ਅਤੇ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਕਰਨ। ਉਨਾਂ ਕਿਹਾ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਦਾਅਵੇ ਅਤੇ ਇਤਰਾਜ ਸਬੰਧਤ ਬੀ.ਐਲ.ਓਜ਼ ਨੂੰ ਫ਼ਾਰਮ ਭਰ ਕੇ ਦਿੱਤੇ ਜਾ ਸਕਦੇ ਹਨ। ਉਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਜਿਸ ਦੀ ਉਮਰ ਮਿਤੀ 01.01.2018 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਅਤੇ ਉਸਦੀ ਵੋਟ ਅਜੇ ਤੱਕ ਨਹੀਂ ਬਣੀ ਤਾਂ ਉਹ ਆਪਣੀ ਵੋਟ ਬਣਾਉਣ ਵਾਸਤੇ ਫਾਰਮ ਨੰ. 6 ਵਿੱਚ ਆਪਣਾ ਦਾਅਵਾ ਪੇਸ਼ ਕਰੇਗਾ। ਉਨਾਂ ਦੱਸਿਆ ਕਿ ਵੋਟ ਕਟਵਾਉਣ ਲਈ ਫਾਰਮ ਨੰ. 7, ਵੋਟਰ ਦੇ ਵੇਰਵਿਆਂ ਵਿੱਚ ਦਰੁਸਤੀ ਲਈ ਫਾਰਮ ਨੰ. 8 ਅਤੇ ਵਿਧਾਨ ਸਭਾ ਹਲਕੇ ਅੰਦਰ ਰਿਹਾਇਸ਼ ਤਬਦੀਲੀ ਦੀ ਸੂਰਤ ਵਿੱਚ ਫਾਰਮ ਨੰ: 8 ੳ ਭਰਿਆ ਜਾ ਸਕਦਾ ਹੈ। ਮੀਟਿੰਗ ਵਿੱਚ ਤਹਿਸੀਲਦਾਰ ਚੋਣਾਂ ਮਨਜੀਤ ਸਿੰਘ, ਕਾਂਗਰਸ ਪਾਰਟੀ ਦੇ ਨੁਮਾਇੰਦੇ ਬਲਵੰਤ ਰਾਏ, ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਜੋਗੇਵਾਲਾ, ਆਮ ਆਦਮੀ ਪਾਰਟੀ ਤੋਂ ਜਗਜੀਤ ਸਿੰਘ, ਸੀ.ਪੀ.ਆਈ.ਐਮ ਕਾਮਰੇਡ ਸੁਰਜੀਤ ਸਿੰਘ ਗਗੜਾ, ਜ਼ਿਲਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਜਗਤਾਰ ਸਿੰਘ ਅਤੇ ਚੋਣ ਤਹਿਸੀਲਦਾਰ ਦਾ ਅਮਲਾ ਆਦਿ ਹਾਜ਼ਰ ਸਨ।