‘ਅਕਤੂਬਰ ਇਨਕਲਾਬ ਸ਼ਤਾਬਦੀ’ ਨੂੰ ਸਮਰਪਿਤ ਸਾਂਝੀ ਜਨਰਲ ਬਾਡੀ ਦੀ ਮੀਟਿੰਗ ਹੋਈ

ਮੋਗਾ, 15 ਨਵੰਬਰ (ਜਸ਼ਨ) ਅੱਜ ਸ਼ਹੀਦ ਕਾਮਰੇਡ ਨਛੱਤਰ ਸਿਂੰਘ ਧਾਲੀਵਾਲ ਭਵਨ ਮੋਗਾ ਵਿਖੇ ‘ਭਾਰਤੀ ਕਮਿਊਨਿਸਟ ਪਾਰਟੀ’ ਵੱਲੋਂ ਮੋਗਾ, ਫਰੀਦਕੋਟ, ਮੁਕਤਸਰ ਜ਼ਿਲਿਆਂ ਦੀ ਸਾਂਝੀ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਜਗਜੀਤ ਸਿੰਘ ਧੂੜਕੋਟ, ਕਾਮਰੇਡ ਬਲਵੀਰ ਸਿੰਘ ਔਲਖ ਅਤੇ ਗੁਰਮੇਲ ਸਿੰਘ ਦੋਦਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪਾਰਟੀ ਵੱਲੋਂ 27 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਦੇ ਸਬੰਧ ਵਿੱਚ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਕੇਂਦਰੀ ਸਕੱਤਰੇਤ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ, ਪੰਜਾਬ ਦੇ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਤੇ ਕਾਮਰੇਡ ਜਗਰੂਪ ਸਿੰਘ ਵਿਸ਼ੇਸ਼ ਤੌਰ’ਤੇ ਪਹੁੰਚੇ। ਕਾਮਰੇਡ ਅਮਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਿਬਰਲਾਈਜ਼ੇਸ਼ਨ ਦੇ ਨਾਂ ਤੇ ਕਿਰਤੀ ਪੱਖੀ ‘ਕਿਰਤ ਕਾਨੂੰਨਾਂ’ ਨੂੰ ਖਤਮ ਕਰਕੇ ਅਮਨੇਵਾਹ ਨਿੱਜੀਕਰਨ ਵੱਲ ਦੇਸ਼ ਨੂੰ ਧੱਕ ਰਹੀ ਹੈ ਅਤੇ ਨਾਲ-ਨਾਲ ਜ਼ਮਹੂਰੀਅਤ, ਧਰਮ ਨਿਰਪੱਖਤਾ ਦਾ ਗਲਾ ਘੁੱਟਦਿਆਂ, ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ, ਔਰਤਾਂ, ਉੱਤੇ ਵਿਚਾਰਧਾਰਕ ਤੇ ਜਿਸਮਾਨੀ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਨਾਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬੋਲਣ ਵਾਲੀ ਆਵਾਜ਼ ਨੂੰ ਫਾਸ਼ੀਵਾਦੀ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾ. ਦਾਬੋਲਕਰ, ਡਾ. ਕੁਲਬਰਗੀ, ਕਾਮਰੇਡ ਗੋਬਿੰਦ ਪੰਨਸਾਰੇ, ਉੱਘੇ ਕਾਲਮ ਨਵੀਸ਼ ਗੌਰੀ ਲੰਕੇਸ਼ ਆਦਿ ਦੇ ਕਤਲ, ਇਸ ਕਥਿਤ ਫਾਸ਼ੀਵਾਦੀ ਪਹੁੰਚ ਦੀ ਪੁਸ਼ਟੀ ਕਰ ਰਹੇ ਹਨ।

ਕਾਮਰੇਡ ਅਮਰਜੀਤ ਕੌਰ ਨੇ ਆਪਣੀ ਲੰਬੀ ਤਕਰੀਰ ਰਾਹੀਂ ਮੋਦੀ ਸਰਕਾਰ ਦੀਆਂ ਮਜ਼ਦੂਰ, ਕਿਸਾਨ, ਛੋਟੇ ਵਿਉਪਾਰੀ, ਵਿਦਿਆਰਥੀ/ ਨੌਜਵਾਨ ਅਤੇ ਮੱਧ ਵਰਗੀ ਲੋਕਾਂ ਵਿਰੋਧੀ ਨੀਤੀਆਂ ਦਾ ਪਾਜ ਉਧੇੜਦਿਆਂ ਪਾਰਟੀ ਕਾਰਕੁੰਨਾਂ ਨੂੰ ਆਪਣੀ ਅਮੀਰ ਵਿਰਾਸਤ ਤੋਂ ਸਬਕ ਲੈਣ ਤੇ ਵੱਡੇ ਪੱਧਰ ਤੇ ਲੋਕ ਲਾਮਬੰਦੀ ਕਰਨ ਦਾ ਸੱਦਾ ਦਿੱਤਾ। ਪਾਰਟੀ ਦੇ ਸੂਬਾ ਸਕੱਤਰ ਕਾ. ਹਰਦੇਵ ਅਰਸ਼ੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਸਭ ਵਾਅਦਿਆਂ ਤੋਂ ਭੱਜ ਗਈ ਹੈ ਅਤੇ ਆਪਣੇ ਅਸਲੀ ਰੂਪ (ਸਾਮਰਾਜੀਆਂ ਦੀ ਦਲਾਲ) ਵਿੱਚ ਸਾਹਮਣੇ ਆ ਗਈ ਹੈ। ਉੱਠ ਰਹੇ ਲੋਕ ਰੋਹ ਨੂੰ ਟਾਲਣ ਲਈ ਮੁਰਦੇ ਉਖਾੜਨ ਵਾਲੇ ਬਿਆਨ ਦੇਣ ਅਤੇ ਲੋਕ ਘੋਲਾਂ ਨੂੰ ਕੁਚਲਣ ਲਈ ‘ਪਕੋਕਾ’ ਵਰਗੇ ਕਾਲੇ ਕਾਨੂੰਨ ਠੋਸਣ ਦੇ ਰਾਹ ਪੈ ਚੁੱਕੀ ਹੈ। ਅਜਿਹੇ ਰਾਜਸੀ ਹਾਲਤਾਂ ਦੌਰਾਨ ਸੀ.ਪੀ.ਆਈ. ਸਭ ਲਈ ਰੁਜ਼ਗਾਰ, ਕਿਸਾਨਾਂ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ਼, ਭਿ੍ਰਸ਼ਟਾਚਾਰ ਤੇ ਕਾਲੇ ਧਨ ਦੇ ਖਾਤਮੇ , ਦਲਿਤਾਂ, ਘੱਟ ਗਿਣਤੀਆਂ, ਅੋਰਤਾਂ ਤੇ ਅੱਤਿਆਚਾਰ ਵਿਰੁੱਧ, ਜ਼ਮਹੂਰੀਅਤ ਦੀ ਮਜ਼ਬੂਤੀ, ਨਰੇਗਾ ਤੇ ਉਸਾਰੀ ਮਜ਼ਦੂਰਾਂ ਦੇ ਹਿੱਤਾਂ ਲਈ ਮਜ਼ਬੂਤ ਕਾਨੂੰਨ ਹੋਣ ਆਦਿ ਮਸਲਿਆਂ ਤੇ ਲੁਧਿਆਣਾ ਵਿਖੇ ਪੰਜਾਬ ਪੱਧਰ ਦੀ ਰੈਲੀ ਕੀਤੀ ਜਾ ਰਹੀ ਹੈ। ਉਨਾ ਪਾਰਟੀ ਆਗੂਆਂ/ ਕਾਰਕੁੰਨਾਂ ਨੂੰ ਰੈਲੀ ਵਿੱਚ ਜੋਸ਼ੋ ਖਰੋਸ਼ ਨਾਲ ਪਹੁੰਚਣ ਦਾ ਸੱਦਾ ਵੀ ਦਿੱਤਾ। ਕਾਮਰੇਡ ਜਗਰੂਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਦੁਨੀਆ ‘ਅਕਤੂਬਰ ਇਨਕਲਾਬ’ ਦੀ ਸ਼ਤਾਬਦੀ ਮਨਾ ਰਹੀ ਹੈ ਤਾਂ ਸਾਨੂੰ ਮਾਰਕਸਵਾਦ ਤੋਂ ਸੇਧ ਲੈਂਦਿਆਂ ਅੱਗੇ ਵਧਣਾ ਚਾਹੀਦਾ ਹੈ। ਉਨਾਂ ਪਾਰਟੀ ਕਾਰਕੁੰਨਾਂ ਨੂੰ ਯਾਦ ਦਿਵਾਉਂਦਿਆਂ ਕਿਹਾ  ਕਿ ਸਾਡਾ ਉਦੇਸ਼ ‘ਸਮਾਜਵਾਦੀ ਪ੍ਰਬੰਧ’ ਉਸਾਰਨਾ ਹੈ, ਜਿੱਥੇ ਹਰੇਕ ਲਈ ਕੰਮ ਅਤੇ ਕੰਮ ਅਨੁਸਾਰ ਉਜ਼ਰਤ ਅਤੇ ਹੋਰ ਅੱਗੇ ਵਧਦਿਆਂ ਕਮਿਊਨਿਜ਼ਮ ਤੱਕ ਪਹੁੰਚਣਾ, ਜਿੱਥੇ ਹਰੇਕ ਲਈ ਕੰਮ ਅਤੇ ਸਾਰੀਆਂ ਲੋੜਾਂ ਦੀ ਪੂਰਤੀ ਹੋਵੇਗੀ। ਇਸ ਲਈ ਸਾਨੂੰ ਲੋਕ ਲਾਮਬੰਦੀ ਲਈ ਉਨਾਂ ਮੁੱਦਿਆਂ ਦੀ ਚੋਣ ਕਰਨੀ ਚਾਹੀਦੀ ਹੈ ਜਿਨਾਂ ਰਾਹੀਂ ਇਸ ਲੋਟੂ ਪ੍ਰਬੰਧ ਦੀਆਂ ਚੂਲਾਂ ਨੂੰ ਜਲਦੀ ਤੇ ਲਾਜ਼ਮੀ ਉਖਾੜਿਆ ਜਾ ਸਕੇ। ਉਨਾਂ ਕਿਹਾ ਕਿ ‘ਵਕਤੀ ਮੁੱਦਿਆਂ’ ਤੇ ਲੜਦਿਆਂ ਪਾਰਟੀ ਕਾਰਕੁੰਨਾਂ ਦਾ ਸਮਾਂ ਤੇ ਤਾਕਤ ਅਜਾਂਈਂ ਵਧੇਰੇ ਜਾਂਦੀ ਹੈ ਅਤੇ ਪ੍ਰਾਪਤੀ ਘੱਟ ਹੁੰਦੀ ਹੈ। ਅੱਜ ਦੇ ਸ਼ਾਸ਼ਕ ਸ਼ਾਤਰਾਨਾ ਢੰਗ ਤਹਿਤ ਲੋਕਾਂ ਦਾ ਧਿਆਨ ਰੋਜ਼ੀ-ਰੋਟੀ ਦੇ ਮੁੱਦਿਆ ਤੋਂ ਪਾਸੇ ਰੱਖਣ ਲਈ ਨਕਲੀ ਮੁੱਦੇ- ਗਊ ਹੱਤਿਆ, ਲਵ ਜਹਾਦ, ਦੇਸ਼ ਭਗਤੀ-ਦੇਸ਼ ਧੋ੍ਰਹੀ, ਧਾਰਮਿਕ ਤਣਾਓ ਆਦਿ ਉਭਾਰ ਰਹੇ ਹਨ। ਮੀਡੀਆ ਦਾ ਇੱਕ ਵੱਡਾ ਹਿੱਸਾ ਇਸ ਪ੍ਰਚਾਰ ਲਈ ਅਹਿਮ ਰੋਲ ਅਦਾ ਕਰ ਰਿਹਾ ਹੈ। ਅਜਿਹੇ ਦੌਰ ਵਿੱਚ ਕਮਿਊਨਿਸਟ ਦੇਸ਼ ਦੀ ਜਵਾਨੀ ਜੋ 70 ਕਰੋੜ ਤੋਂ ਵੀ ਵੱਧ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੀ ਹੈ ਅਤੇ ਇਸੇ ਜਵਾਨੀ ਨੂੰ ਅੱਜ ਸਰਮਾਏਦਾਰੀ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤ ਰਹੀ ਹੈ, ਲਈ ਹਰ ਇੱਕ ਲਈ ਰੁਜ਼ਗਾਰ/ ਕੰਮ ਅਨੁਸਾਰ ਤਨਖਾਹ ਦੀ ਗਰੰਟੀ ਕਰਦੇ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ (ਬਨੇਗਾ) ਦੀ ਪ੍ਰਾਪਤੀ ਲਈ ਮੈਦਾਨ ਵਿੱਚ ਹਨ ਅਤੇ ਇਸ ਦੇ ਨਾਲ ਹਰ ਇੱਕ ਲਈ ਘਰ, ਵਿੱਦਿਆ, ਇਲਾਜ਼, ਸਫ਼ਰ ਸਹੂਲਤ, ਬਿਜਲੀ ਮੁਫ਼ਤ, ਸੁਰੱਖਿਆ ਤੇ ਸਨਮਾਨਤ ਬੁੱਢਾਪਾ ਆਦਿ ਪ੍ਰਮੁੱਖ ਮੁੱਦਿਆਂ ਅਤੇ ਇਹਨਾਂ ਲਈ ਕਾਨੂੰਨਾਂ ਦੀ ਪ੍ਰਾਪਤੀ ਲਈ ਲਾਮਬੰਦੀ ਕਰਦਿਆਂ ਹੋਰ ਜੋਸ਼ ਨਾਲ ਅੱਗੇ ਵਧਣਾ ਚਾਹੀਦਾ ਹੈ। ਅਖੀਰ ਵਿੱਚ ਮੋਗਾ, ਫਰੀਦਕੋਟ ਤੇ ਮੁਕਤਸਰ ਦੇ ਜ਼ਿਲਾ ਸਕੱਤਰ ਕੁਲਦੀਪ ਸਿੰਘ ਭੋਲਾ, ਪਵਨਪ੍ਰੀਤ ਸਿੰਘ ਤੇ ਹਰਲਾਭ ਸਿੰਘ ਨੇ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੀ ਲੁਧਿਆਣਾ ਰੈਲੀ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਇਸ ਮੀਟਿੰਗ ਨੂੰ ਸੂਬਾ ਅੇਗਜੈਕਟਿਵ ਮੈਂਬਰ ਨਰਿੰਦਰ ਕੌਰ ਸੋਹਲ, ਜਗਦੀਸ਼ ਸਿੰਘ ਚਾਹਲ, ਸੁਖਜਿੰਦਰ ਮਹੇਸਰੀ, ਵਿੱਕੀ ਮਹੇਸਰੀ, ਹੀਰ ਸਿੰਘ ਆਧਨੀਆਂ (ਸਾਰੇ ਮੈਂਬਰ ਸੂਬਾ ਕੌਂਸਲ), ਸਰਪੰਚ ਸ਼ੇਰ ਸਿੰਘ, ਸੂਰਤ ਸਿੰਘ, ਬਲਕਰਨ ਸਿੰਘ, ਗਿਆਨ ਚੰਦ, ਕਰਮਵੀਰ ਕੌਰ ਬੱਧਨੀ, ਗੋਰ ਸਿੰਘ ਪਿੱਪਲੀ, ਰੇਸ਼ਮ ਸਿੰਘ ਵਾਂਦਰ ਡੋਡ, ਕਸ਼ਮੀਰਾ ਸਿੰਘ, ਇੰਦਰ ਸਿੰਘ, ਕੁੰਡਾ ਸਿੰਘ, ਮਨਜੀਤ ਕੌਰ ਨਾਥੇਵਾਲ, ਸੁਖਦੀਪ ਕੌਰ ਸਿਰਸੜੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਤਿੰਨਾਂ ਜ਼ਿਲਿਆਂ ਦੇ ਸਾਰੇ ਜ਼ਿਲਾ ਕੌਂਸਲ ਮੈਂਬਰ ਵੀ ਹਾਜ਼ਰ ਸਨ।