ਗੈਂਗਸਟਰ ਰਮਨਦੀਪ ਅਤੇ ਹਰਮਿੰਦਰ ਸਿੰਘ ਮਿੰਟੂ ਦੇ ਪੁਲਿਸ ਰਿਮਾਂਡ ਵਿੱਚ ਵਾਧਾ

ਬਾਘਾਪੁਰਾਣਾ,15 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪੰਜਾਬ ਪੁੁਲਿਸ ਵਲੋਂ ਕਾਬੂ ਕੀਤੇ ਗਏ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੇ ਮੋਗਾ ਦੇ ਸੀ.ਆਈ.ਏ.ਸਟਾਫ ਵਲੋਂ ਪੰਜਾਬ ਵਿੱਚ ਵਾਪਰੇ ਹੱਤਿਆਵਾਂ ਦੇ ਵੱਖ-ਵੱਖ ਮਾਮਲਿਆ ਨੂੰ ਸੁਲਝਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਅਤੇ ਇਸ ਕੋਸ਼ਿਸ਼ ਤਹਿਤ ਹੀ ਪੁੁਲਿਸ ਵਲੋਂ ਗੈਂਗਸਟਰਾਂ ਦੇ ਰਿਮਾਂਡ ਵਿੱਚ ਵਾਧਾ ਕਰਵਾਇਆ ਜਾ ਰਿਹਾ ਹੈ। ਸਥਾਨਕ ਸ਼ਹਿਰ ਦੀ ਅਦਾਲਤ ਵਿੱਚ ਅੱਜ ਫਿਰ ਭਾਰੀ ਸੁਰੱਖਿਆਂ ਹੇਠ ਪੇਸ਼ ਕੀਤੇ ਗੈਂਗਸਟਰ ਰਮਨਦੀਪ ਸਿੰਘ ਅਤੇ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਮਾਣਯੋਗ ਅਦਾਲਤ ਨੂੰ ਅਪੀਲ ਕਰਕੇ 17 ਅਤੇ 18 ਨਵੰਬਰ ਤੱਕ ਫਿਰ ਤੋਂ ਰਿਮਾਂਡ ‘ਤੇ ਲੈ ਲਿਆ ਹੈ।ਰਮਨਦੀਪ ਸਿੰਘ ਅਤੇ ਮਿੰਟੂ ਦੇ ਵਕੀਲ ਨੇ ਦੱਸਿਆ ਕਿ ਰਮਨਦੀਪ ਨੂੰ ਪੁਲਿਸ ਨੇ ਪਹਿਲਾਂ ਦ ਿਦਿਨਾਂ ਰਿਮਾਂਡ ‘ਤੇ ਲਿਆ ਸੀ ਅਤੇ ਅੱਜ ਫਿਰ ਪੁਲਿਸ ਨੇ ਰਮਨ ਅਤੇ ਮਿੰਟੂ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਮਾਣਯੋਗ ਅਦਾਲਤ ਨੇ ਮਿੰਟੂ ਦਾ 17 ਨਵੰਬਰ ਤੱਕ ਅਤੇ ਰਮਨਦੀਪ ਦਾ 18 ਨਵੰਬਰ ਤੱਕ ਦਾ ਰਿਮਾਂਡ ਦਿੱਤਾ ਹੈ।ਉਨ੍ਹਾਂ ਦੱਸਿਆਂ ਕਿ ਪੁਲਿਸ ਨੂੰ ਇੱਕ ‘ਅਵਾਜ਼ ਵਾਲਾ ਮੈਸੇਜ’ ਮਿਲਿਆ ਹੈ ਜਿਸ ਵਿੱਚ ‘ਪੀ.ਐੱਚ.ਡੀ ਅਤੇ ਬਾਈ ਜੀ’ ਦੋ ਨਾਵਾਂ ਦਾ ਜ਼ਿਕਰ ਆਇਆ ਹੈ ਜਿਸ ਦੀ ਜਾਂਚ ਲਈ ਹੀ ਪੁਲਿਸ ਨੇ ਮਿੰਟੂ ਦਾ ਰਿਮਾਂਡ ਲਿਆ ਹੈ।ਵਕੀਲ ਨੇ ਦੱਸਿਆਂ ਕਿ ਮਿੰਟੂ ਦਿਲ ਦਾ ਮਰੀਜ ਹੈ ਇਸ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਗੈਂਗਸਟਰ ਦੀ ਕੜੀ ਥਾਣਾ ਬਾਘਾਪੁਰਾਣਾ ਅਧੀਨ 2016 ਵਿੱਚ ਦਰਜ ਇੱਕ ਨਜਾਇਜ਼ ਅਸਲੇ ਦੇ ਮੁਕੱਦਮੇ ਕਾਰਨ ਜੁੜੀ ਹੈ।