ਗੈਂਗਸਟਰ ਜਗਤਾਰ ਜੌਹਲ ਦਾ ਲਿਆ 17 ਤੱਕ ਪੁਲਿਸ ਰਿਮਾਂਡ
ਬਾਘਾਪੁਰਾਣਾ,14 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀਂ ਕਾਬੂ ਕੀਤੇ ਅਤੇ ਪੁਲਿਸ ਰਿਮਾਂਡ ‘ਤੇ ਲਿਆਂਦੇ ਗਏ ਗੈਂਗਸਟਰ ਜਗਤਾਰ ਸਿੰਘ ਜੌਹਲ ਤੋਂ ਮੋਗਾ ਸੀ.ਆਈ.ਏ.ਸਟਾਫ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਪੁਲਿਸ ਹਿੰਦੂ ਆਗੂਆਂ ਦੀਆਂ ਹੋਈਆਂ ਹਤਿਆਵਾਂ ਅਤੇ ਗੈਂਗਸਟਰਾਂ ਨੂੰ ਹੱਥਿਆਰ ਮੁਹੱਈਆ ਕਰਵਾਉਣ ਆਦਿ ਮਾਮਲਿਆ ਦੀਆਂ ਕੜੀਆਂ ਜੋੜ ਰਹੀ ਹੈ। ਗੈਂਗਸਟਰ ਜਗਤਾਰ ਜੌਹਲ ਨੂੰ ਅੱਜ ਸਥਾਨਕ ਸ਼ਹਿਰ ਬਾਘਾਪੁਰਾਣਾ ਦੀ ਅਦਾਲਤ ਵਿੱਚ ਭਾਰੀ ਪੁਲਿਸ ਸੁਰੱਖਿਆ ਹੇਠ ਡੀ.ਐੱਸ.ਪੀ ਬਲਵਿੰਦਰ ਸਿੰਘ ਮੋਗਾ ਦੀ ਅਗਵਾਈ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਮਾਣਯੋਗ ਅਦਾਲਤ ਤੋਂ ਜਗਤਾਰ ਦਾ 17 ਤੱਕ ਹੋਰ ਪੁਲਿਸ ਰਿਮਾਂਡ ਲੈ ਲਿਆ ਹੈ।ਜਗਤਾਰ ਜੌਹਲ ਦੇ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਗਤਾਰ ਜੌਹਲ ‘ਤੇ ਥਾਣਾ ਬਾਘਾਪੁਰਾਣਾ ਵਿਖੇ ਨਜਾਇਜ਼ ਅਸਲੇ ਤਹਿਤ ਮੁਕੱਦਮਾ ਦਰਜ ਹੈ ਇਸ ਤੋਂ ਇਲਾਵਾ ਉਸ ਤੇ ਹੋਰ ਕੋਈ ਵੀ ਮੁਕੱਦਮਾ ਨਹੀਂ ਹੈ। ਉਸ ਦਾ ਪਹਿਲਾ 14 ਤੱਕ ਦਾ ਪੁਲਿਸ ਰਿਮਾਂਡ ਸੀ ਜੋ ਕਿ ਖਤਮ ਹੋ ਗਿਆ ਸੀ ਅਤੇ ਅੱਜ ਦੁਬਾਰਾ ਪੁਲਿਸ ਨੇ 17 ਤੱਕ ਉਸ ਦਾ ਪੁਲਿਸ ਰਿਮਾਂਡ ਲਿਆ ਹੈ। ਵਕੀਲ ਜਸਪਾਲ ਸਿੰਘ ਨੇ ਦੱਸਿਆ ਕਿ ਜੌਹਲ ਉੱਪਰ ਪੁਲਿਸ ਲੋੜ ਤੋਂ ਵੱਧ ਕੁੱਟਮਾਰ ਕਰ ਰਹੀ ਹੈ ਜਿਸ ਤਹਿਤ ਮਾਣਯੋਗ ਅਦਾਲਤ ਵਿੱਚ ਅਰਜੀ ਦਿੱਤੀ ਗਈ ਹੈ ਉਸ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਯੂ.ਕੇ ਦਾ ਪੱਕਾ ਵਸਨੀਕ ਹੈ ਪੰਜਾਬ ਪੁਲਿਸ ਵਿਦੇਸ਼ੀ ਅਧਿਕਾਰੀਆਂ ਨੂੰ ਬਿਨ੍ਹਾਂ ਦੱਸੇ ਜਗਤਾਰ ਸਿੰਘ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਸਬੰਧੀ ਉਹ ਯੂ.ਕੇ ਦੇ ਪ੍ਰਸ਼ਾਸ਼ਕ ਅਧਿਕਾਰੀਆਂ ਨੂੰ ਵੀ ਦੱਸਣਗੇ। ਉਨ੍ਹਾਂ ਦੱਸਿਆਂ ਕਿ 18 ਅਕਤੂਬਰ ਨੂੰ ਜੌਹਲ ਦਾ ਵਿਆਹ ਸੀ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਪੁਲਿਸ ਨੇ ਜੌਹਲ ਨੂੰ ਗਿ੍ਰਫਤਾਰ ਕਰ ਲਿਆ। ਵਕੀਲ ਜਸਪਾਲ ਸਿੰਘ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਸਾਨੂੰ ਜਗਤਾਰ ਨਾਲ ਮਿਲਣ ਦੀ ਆਗਿਆ ਦੇ ਦਿੱਤੀ ਹੈ।