ਸੰਗਤਾਂ ਦੇ ਵੱਗਦੇ ਦਰਿਆ ਨੇ ਸੰਤ ਬਾਬਾ ਪ੍ਰਤਾਪ ਸਿੰਘ ਲੰਙੇਆਣਾ ਨੂੰ ਦਿੱਤੀਆਂ ਸ਼ਰਧਾਂਜਲੀਆਂ
ਬਾਘਾਪੁਰਾਣਾ,14 ਨਵੰਬਰ (ਜਸਵੰਤ ਗਿੱਲ ਸਮਾਲਸਰ)- ਅੱਜ ਮੋਗਾ ਜ਼ਿਲੇ ਦੇ ਪਿੰਡ ਲੰਗੇਆਣਾ ਕਲਾਂ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲੰਗੇਆਣਾ ਕਲਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰਤਾਪ ਸਿੰਘ ਨਮਿੱਤ ਰੱਖੇ ਗਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ । ਇਸ ਮੌਕੇ ਸਮੁੱਚੇ ਪੰਜਾਬ ਵਿਚੋਂ ਸੰਤ ਮਹਾਪੁਰਖ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼੍ਰੀ ਗੁਰੁੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ । ਇਸ ਮੌਕੇ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ , ਬਾਬਾ ਬਲਬੀਰ ਸਿੰਘ, ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ,ਗੁਰਦੀਪ ਸਿੰਘ ਬਠਿੰਡਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ, ਸਤਨਾਮ ਸਿੰਘ ਕਨੇਡਾ, ਸਾਬਕਾ ਸਰਪੰਚ ਇਕਬਾਲ ਸਿੰਘ ਕਾਹਲੋਂ ਅਤੇ ਅਨੇਕਾਂ ਪੰਥਕ ਸ਼ਖਸੀਅਤਾਂ ਨੇ ਬਾਬਾ ਪਰਤਾਪ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਖਿਆ ਕਿ ਸੰਤ ਬਾਬਾ ਪ੍ਰਤਾਪ ਸਿੰਘ ਜੀ ਨੇ ਨਾ ਸਿਰਫ ਆਪਣੀ ਜ਼ਿੰਦਗੀ ਗੁਰੂ ਆਸ਼ੇ ਮੁਤਾਬਕ ਬਤੀਤ ਕੀਤੀ ਸਗੋਂ ਗੁਰੂ ਸਾਹਿਬਾਨ ਦੇ ਦਿਖਾਏ ਮਾਰਗ ’ਤੇ ਚੱਲਣ ਲਈ ਲੱਖਾਂ ਸੰਗਤਾਂ ਨੂੰ ਪੇ੍ਰਰਿਤ ਕਰਦਿਆਂ ਗੁਰੂਘਰ ਨਾਲ ਜੋੜਿਆ।