ਮਹਿਲਾ ਆਗੂ ਆਪਣੇ ਅਹੁਦੇ ਦੀ ਸ਼ਾਨ ਨੂੰ ਵਧਾਉਣ ਲਈ ਜ਼ਮੀਨੀ ਪੱਧਰ ’ਤੇ ਵਧੇਰੇ ਕੰਮ ਕਰਨ -ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ
ਮੋਗਾ,13 ਨਵੰਬਰ (ਜਸ਼ਨ)- ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਕਾਂਗਰਸੀ ਮਹਿਲਾ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਅਹੁਦੇ ਦੀ ਸ਼ਾਨ ਨੂੰ ਵਧਾਉਣ ਅਤੇ ਜ਼ਿੰਮਵਾਰੀ ਸਮਝਦਿਆਂ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੰੁਚਾਉਣ ਲਈ ਕੰਮ ਕਰਨ ਤਾਂ ਕਿ ਆਮ ਲੋਕ ਕੈਪਟਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈ ਸਕਣ। ਉਹਨਾਂ ਕਿਹਾ ਕਿ ਵਰਕਰਾਂ ਵੱਲੋਂ ਪਿੰਡ ਪੱਧਰ ’ਤੇ ਸਰਗਰਮੀਂ ਨਾਲ ਵਿਚਰਨ ਨਾਲ ਜਿੱਥੇ ਉਹਨਾਂ ਨੂੰ ਹੇਠਲੇ ਪੱਧਰ ’ਤੇ ਆਮ ਲੋਕਾਂ ਦੀ ਸਮੱਸਿਆਵਾਂ ਬਾਰੇ ਗਿਆਨ ਹੋਵੇਗਾ ਉੱਥੇ ਉਹਨਾਂ ਨੂੰ ਪਾਰਟੀ ਲਈ ਕੰਮ ਕਰਨ ਦੀ ਪ੍ਰੇਰਣਾ ਵੀ ਮਿਲੇਗੀ । ਜੀਰਾ ਰੋਡ ਸਥਿਤ ਕਾਂਗਰਸ ਕਮੇਟੀ ਮੋਗਾ ਦੇ ਦਫਤਰ ਵਿਖੇ ਮਹਿਲਾ ਵਰਕਰਾਂ ਦੀ ਮੀਟਿੰਗ ਦੌਰਾਨ ਹਰ ਪਿੰਡ ਦੀ ਪ੍ਰਧਾਨ ਅਤੇ ਬਲਾਕ ਪ੍ਰਧਾਨ ਨੂੰ ਅਪੀਲ ਕੀਤੀ ਗਈ ਕਿ ਉਹ ਹਰ ਸ਼ਨੀਵਾਰ ਹੁੰਦੀ ਮੀਟਿੰਗ ਵਿਚ ਸ਼ਾਮਲ ਹੋਣਾ ਯਕੀਨੀ ਬਣਾਉਣ । ਵੀਰਪਾਲ ਕੌਰ ਜੌਹਲ ਨੇ ਕਿਹਾ ਕਿ ਜਿਹੜੇ ਪ੍ਰਧਾਨ ਲਗਾਤਾਰ ਤਿੰਨ ਮੀਟਿੰਗਾਂ ਵਿਚੋਂ ਗੈਰਹਾਜਰ ਰਹਿਣਗੇ ਉਹਨਾਂ ਬਾਰੇ ਸੂਬਾ ਪ੍ਰਧਾਨ ਨੂੰ ਸੂਚਿਤ ਕੀਤਾ ਜਾਵੇਗਾ । ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਯਾਦ ਕਰਵਾਇਆ ਕਿ ਪਿਛਲੀਆਂ ਲੋਕ ਸਭਾ ਚੋਣਾਂ ਹਾਰਨ ਉਪਰੰਤ ਕਾਂਗਰਸ ਵੱਲੋਂ ਮੰਥਨ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿਚ ਕਾਂਗਰਸ ਵੱਲੋਂ ਅਨੇਕਾਂ ਲੋਕ ਭਲਾਈ ਦੀਆਂ ਸਕੀਮਾਂ ਜਿਹਨਾਂ ਵਿਚ ਨਰੇਗਾ ਵੀ ਸ਼ਾਮਲ ਸੀ ਦੇ ਬਾਵਜੂਦ ਕਾਂਗਰਸ ਦੀ ਵੱਡੇ ਪੱਧਰ ’ਤੇ ਹਾਰ ਦਾ ਕਾਰਨ ਇਹੀ ਰਿਹਾ ਕਿ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੰੁਚਾਉਣ ਲਈ ਪਾਰਟੀ ਕੇਡਰ ਵੱਲੋਂ ਉਨੀ ਮਿਹਨਤ ਨਹੀਂ ਕੀਤੀ ਗਈ ਜਿਨੀ ਕੀਤੀ ਜਾਣੀ ਚਾਹੀਦੀ ਸੀ । ਵੀਰਪਾਲ ਕੌਰ ਨੇ ਕਿਹਾ ਕਿ ਹੁਣ ਇਹੀ ਗਲਤੀ ਦੁਬਾਰਾ ਦੁਹਰਾਉਣ ਦੀ ਬਜਾਏ ਪਾਰਟੀ ਵਰਕਰਾਂ ਨੂੰ ਦਿਨ ਰਾਤ ਸਖਤ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ 2019 ਦੀਆਂ ਲੋਕ ਸਭਾ ਚੋਣਾ ਬਹੁਤੀ ਦੂਰ ਨਹੀਂ ਹਨ ਅਤੇ ਨਾ ਹੀ ਕਾਂਗਰਸ ਨੇ ਮਿਸ਼ਨ ਪੰਜਾਬ ਦੀ ਸਫਲਤਾ ਉਪਰੰਤ ਆਰਾਮ ਨਾਲ ਬੈਠਣਾ ਹੈ ਕਿਉਂਕਿ ਕਾਂਗਰਸ ਦਾ ਝੰਡਾ ਪੂਰੇ ਦੇਸ਼ ਵਿਚ ਬੁਲੰਦ ਕਰਦਿਆਂ ਫਿਰਕਾਪ੍ਰਸਤਾ ਨੂੰ ਹਾਰ ਦੇਣੀ ਹੈ। ਇਸ ਮੌਕੇ ਵਾਰਡ ਨੰਬਰ 46 ਚੋਂ ਬੁਢਾਪਾ ਪੈਨਸ਼ਨਾਂ ਦੇ ਫਾਰਮ ਵੀ ਭਰੇ ਗਏ।