14 ਨਵੰਬਰ ਨੂੰ ਬਾਲ ਦਿਵਸ ਮੌਕੇ ਆਰੀਆ ਮਾਡਲ ਸਕੂਲ ’ਚ ਪੜ੍ਹਦੇ ਦੋ ਬੱਚਿਆਂ ਦੇ ਪੀੜਤ ਮਾਪੇ ਇਨਸਾਫ਼ ਨਾ ਮਿਲਣ ’ਤੇ ਕਰਨਗੇ ਰੋਸ ਪ੍ਦਰਸ਼ਨ

*ਮਾਪਿਆਂ ਵੱਲੋਂ 16 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰਨ ਦਾ ਵੀ ਐਲਾਨ
ਮੋਗਾ, 13 ਨਵੰਬਰ (ਜਸ਼ਨ)- ਬਾਲ ਦਿਵਸ ਦੇ ਮੌਕੇ ਤੇ ਜਦ ਪੂਰਾ ਦੇਸ਼ ਅਤੇ ਜਿਲਾ ਪ੍ਸ਼ਾਸ਼ਨ ਚਾਚਾ ਨਹਿਰੂ ਜੀ ਦੇ ਜਨਮ ਦਿਨ ਮੌਕੇ ਬਾਲ ਦਿਵਸ ਮਨਾ ਰਿਹਾ ਹੋਵੇਗਾ ਅਤੇ ਪ੍ਸ਼ਾਸ਼ਨਿਕ ਅਧਿਕਾਰੀ ਅਤੇ ਰਾਜਨੀਤਕ ਆਗੂ ਸਟੇਜਾਂ ਤੇ ਖੜੇ ਹੋ ਕੇ ਬੱਚਿਆਂ ਦੇ ਅਧਿਕਾਰਾਂ ਬਾਰੇ ਲੰਬੇ ਚੌੜੇ ਭਾਸ਼ਣ ਦੇ ਰਹੇ ਹੋਣਗੇ ਤਾਂ ਉਸ ਵੇਲੇ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਅੱਗੇ ਪਿਛਲੇ 40 ਦਿਨਾਂ ਤੋਂ ਆਪਣੇ ਨਾਲ ਅਤੇ ਆਪਣੇ ਬੱਚਿਆਂ ਨਾਲ ਹੋਈਆਂ ਵਧੀਕੀਆਂ ਲਈ ਇਨਸਾਫ ਲੈਣ ਲਈ ਦਰ ਬ ਦਰ ਭਟਕ ਰਹੇ ਆਰੀਆ ਮਾਡਲ ਸਕੂਲ ਮੋਗਾ ਦੇ ਦੋ ਮਾਪੇ ਆਪਣੇ ਬੱਚਿਆਂ ਸਮੇਤ ਤਿੰਨ ਘੰਟੇ ਲਈ ਧਰਨੇ ਤੇ ਬੈਠਣਗੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਾਪਿਆਂ ਰਾਜੀਵ ਕੁਮਾਰ ਅਤੇ ਵਿਕਰਮਜੀਤ ਸਿੰਗਲਾ ਨੇ ਦੱਸਿਆ ਕਿ ਇਸ ਸਬੰਧੀ ਸ਼ੁਕਰਵਾਰ ਨੂੰ ਡੀ.ਸੀ. ਮੋਗਾ ਅਤੇ ਐਸ.ਐਸ.ਪੀ. ਮੋਗਾ ਨੂੰ ਪੱਤਰ ਸੌਂਪ ਕੇ ਸੂਚਿਤ ਕਰ ਦਿੱਤਾ ਗਿਆ ਹੈ । ਜਿਕਰਯੋਗ ਹੈ ਕਿ ਬੀਤੀ 5 ਅਕਤੂਬਰ ਨੂੰ ਆਰੀਆ ਮਾਡਲ ਸਕੂਲ ਮੈਨੇਜਮੈਂਟ ਨੇ ਉਕਤ ਮਾਪਿਆਂ ਨੂੰ ਸਕੂਲ ਟੀਚਰਾਂ ਅਤੇ ਵਿਦਿਆਰਥਣਾਂ ਨੂੰ ਛੇੜਣ ਦੇ ਝੂਠੇ ਇਲਜ਼ਾਮ ਲਗਾ ਕੇ ਪੁਲਿਸ ਨੂੰ ਫੜਾ ਦਿੱਤਾ ਸੀ ਤੇ ਪੁਲਿਸ ਨਾਲ ਮਿਲੀਭੁਗਤ ਕਰਕੇ ਮਾਪਿਆਂ ਦੀ ਕੁੱਟਮਾਰ ਕਰਕੇ ਜਬਰਦਸਤੀ ਮਾਪਿਆਂ ਵੱਲੋਂ ਸਕੂਲ ਖਿਲਾਫ ਡਿਵੀਜ਼ਨਲ ਕਮਿਸ਼ਨਰ ਪਾਸ ਕੀਤੀਆਂ ਸਿਕਾਇਤਾਂ ਵਾਪਿਸ ਲੈਣ ਅਤੇ ਆਪਣੀ ਮਰਜ਼ੀ ਨਾਲ ਆਪਣੇ ਬੱਚੇ ਸਕੂਲ ਵਿੱਚੋਂ ਹਟਾ ਲੈਣ ਦੇ ਪੇਪਰਾਂ ਤੇ ਦਸਤਖਤ ਕਰਵਾ ਲਏ ਸਨ । ਜਿਲਾ ਪੁਲਿਸ ਪ੍ਸ਼ਾਸ਼ਨ ਵੱਲੋਂ ਰਾਜਨੀਤਕ ਦਬਾਅ ਅਧੀਨ ਹਾਲੇ ਤੱਕ ਸਕੂਲ ਮੈਨੇਜਮੈਂਟ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਤੇ ਬੱਚੇ ਵੀ ਪਿਛਲੇ 40 ਦਿਨ ਤੋਂ ਘਰ ਬੈਠੇ ਹਨ, ਜਿਸ ਕਾਰਨ ਬੱਚੇ ਅਤੇ ਉਹਨਾਂ ਦੇ ਮਾਪੇ ਭਾਰੀ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਚੁੱਕੇ ਹਨ । ਇਸ ਲਈ ਹੁਣ ਇਹਨਾਂ ਮਾਪਿਆਂ ਵੱਲੋਂ ਪੇਰੈਂਟਸ ਐਸੋਸੀਏਸ਼ਨ ਪੰਜਾਬ ਅਤੇ ਮੋਗਾ ਇਕਾਈ ਦੀ ਮੱਦਦ ਨਾਲ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ । ਉਹਨਾਂ ਦੱਸਿਆ ਕਿ 14 ਨਵੰਬਰ ਨੂੰ 10 ਵਜੇ ਤੋਂ 1 ਵਜੇ ਤੱਕ ਉਹ ਆਪਣੇ ਬੱਚਿਆਂ ਸਮੇਤ ਤਿੰਨ ਘੰਟੇ ਲਈ ਰੋਸ ਪ੍ਦਰਸ਼ਨ ਕਰਨਗੇ ਅਤੇ ਜੇ ਇਨਸਾਫ ਨਾ ਮਿਲਿਆ ਤਾਂ 16 ਨਵੰਬਰ ਤੋਂ ਪੀੜਤ ਮਾਪੇ ਅਤੇ ਉਹਨਾਂ ਦੇ ਬੱਚੇ ਮਰਨ ਵਰਤ ਤੇ ਬੈਠ ਜਾਣਗੇ । ਇਸ ਬਾਰੇ ਜਾਣਕਾਰੀ ਦਿੰਦਿਆਂ ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਪ੍ਧਾਨ ਰਾਜਿੰਦਰ ਸਿੰਘ ਖੋਸਾ ਅਤੇ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਜਿਲਾ ਪ੍ਸ਼ਾਸ਼ਨ ਪੂਰੀ ਤਰਾਂ ਦਬਾਅ ਅਧੀਨ ਹੈ ਤੇ ਪੁਲਿਸ ਵੱਲੋਂ ਦੋਸ਼ੀਆਂ ਦਾ ਪੱਖ ਪੂਰਿਆ ਜਾ ਰਿਹਾ ਹੈ, ਇਸ ਲਈ ਇਨਸਾਫ ਲੈਣ ਲਈ ਸਾਨੂੰ ਵੀ ਸਖਤ ਐਕਸ਼ਨ ਕਰਨੇ ਪੈਣਗੇ, ਜਿਸ ਲਈ ਅਸੀਂ ਬਿਲਕੁਲ ਤਿਆਰ ਹਾਂ ਤੇ ਹਰ ਹਾਲ ਵਿੱਚ ਪੀੜਤਾਂ ਨੂੰ ਇਨਸਾਫ ਲੈ ਕੇ ਦਿੱਤਾ ਜਾਵੇਗਾ । ਇਸ ਮੌਕੇ ਪੈਟਰਨ ਹਰਭਜਨ ਸਿੰਘ ਬਹੋਨਾ, ਸਕੱਤਰ ਸਤਿੰਦਰ ਸਿੰਘ ਦੋਆਬੀਆ, ਸ਼ੋਸ਼ਲ ਮੀਡੀਆ ਇੰਚਾਰਜ ਗੁਰਮੁਖ ਸਿੰਘ, ਭੀਮ ਸੈਨ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ ਰਿਆੜ, ਅਤੇ ਐਡਵੋਕੇਟ ਕਮਲਜੀਤ ਗਿੱਲ, ਮਲਕੀਤ ਸਿੰਘ, ਗੁਰਪ੍ੀਤ ਸਿੰਘ, ਰਣਜੀਤ ਸਿੰਘ, ਕਮਲਜੀਤ ਭਿੰਡਰ ਆਦਿ ਹਾਜ਼ਰ ਸਨ ।


