ਰਾਜ ਚੋਣ ਕਮਿਸ਼ਨ ਨੇ 3 ਨਗਰ ਨਿਗਮਾਂ ਅਤੇ 32 ਨਗਰ ਕੌਸਲਾਂ/ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀ ਵਿੱਚ ਸੋਧ ਕਰਨ ਦੇ ਹੁਕਮ ਕੀਤੇ ਜਾਰੀ

ਚੰਡੀਗੜ 11 ਨਵੰਬਰ(ਪੱਤਰ ਪਰੇਰਕ)-ਪੰਜਾਬ ਰਾਜ ਚੋਣ ਕਮਿਸ਼ਨ ਨੇ 3 ਨਗਰ ਨਿਗਮਾਂ ਅਤੇ 32 ਨਗਰ ਕੌਸਲਾਂ/ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ ਸਬੰਧਤ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਧਿਕਾਰੀ ਅਤੇ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲਾ ਚੋਣ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਤਿਆਰ ਕਰਨ ਅਤੇ ੳਨਾਂ ਵਿੱਚ ਸੋਧ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਅੱਜ ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ ਇਸ ਕਾਰਜ ਲਈ ਵੋਟਰ ਸੂਚੀਆਂ ਵਿਚ ਸੋਧ ਕਰਨ ਲਈ ਪੰਜਾਬ ਵਿਧਾਨ ਸਭਾ ਚੋਣਾਂ-2017 ਦੀਆਂ ਵੋਟਰ ਸੂਚੀ ਨੂੰ ਆਧਾਰ ਮੰਨਿਆ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਇਨਾਂ ਚੋਣਾਂ ਲਈ ਵੋਟਰ ਸੂਚੀਆਂ ਨੂੰ ਇਸ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਬਣਾਈਆਂ ਗਈਆਂ ਵੋਟਰ ਸੂਚੀਆਂ ਨੂੰ ਅਧਾਰ ਮੰਨ ਕੇ ਤਿਆਰ ਕੀਤਾ ਜਾਵੇਗਾ। ਇਹ ਵੋਟਰ ਸੂਚੀਆਂ 11 ਨਵੰਬਰ 2017 ਤੋਂ 13 ਨਵੰਬਰ 2017 ਤੱਕ ਬਣਾਈਆਂ ਜਾਣਗੀਆਂ। ਉਨਾਂ ਦੱਸਿਆ ਵੋਟਰ ਸੂਚੀਆਂ ਲਈ ਡਰਾਫਟ ਪਬਲੀਕੇਸ਼ਨ 14 ਨਵੰਬਰ ਨੂੰ ਤਿਆਰ ਕੀਤਾ ਜਾਵੇਗਾ।     ਉਨਾਂ ਨੇ ਦੱਸਿਆ ਕਿ ਦਾਅਵੇ ਅਤੇ ਇਤਰਾਜ਼ਾਂ ਲਈ ਆਖਰੀ ਤਰੀਕ 20 ਨਵੰਬਰ 2017 ਹੋਵੇਗੀ ਅਤੇ ਇਨਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਬੇੜਾ 27 ਨਵੰਬਰ 2017 ਤੱਕ ਕਰ ਦਿੱਤਾ ਜਾਵੇਗਾ ਅਤੇ ਫਾਈਨਲ ਵੋਟਰ ਸੂਚੀ 28 ਨਵੰਬਰ, 2017 ਨੂੰ ਛਾਪੀ ਜਾਵੇਗੀ। ਉਨਾਂ ਨੇ ਦੱਸਿਆ ਕਿ ਜਿੰਨਾਂ ਵੋਟਰ ਸੂਚੀਆਂ ਵਿੱਚ ਸੋਧ ਕੀਤੀ ਜਾਣੀ ਹੈ ਉੁਨਾਂ ਵਿਚ  3 ਨਗਰ ਨਿਗਮਾਂ ਅੰਮਿ੍ਰਤਸਰ, ਜਲੰਧਰ, ਪਟਿਆਲਾ ਹਨ ਅਤੇ 32 ਨਗਰ ਕੌਸਲਾਂ/ ਨਗਰ ਪੰਚਾਇਤਾਂ ਸ਼ਾਮਿਲ ਹਨ, ਜਿੰਨਾਂ ’ਚ ਰਾਜਾਸਾਂਸੀ (ਅੰਮਿ੍ਰਤਸਰ), ਹੰਡਿਆਇਆ (ਬਰਨਾਲਾ), ਅਮਲੋਹ (ਫਤਿਹਗੜ ਸਾਹਿਬ), ਮੱਲਾਂਵਾਲਾ ਖਾਸ ਅਤੇ ਮੱਖੂ ਫਿਰੋਜ਼ਪੁਰ, ਭੋਗਪੁਰ, ਸ਼ਾਹਕੋਟ, ਗੋਰਾਇਆ ਅਤੇ ਬਿਲਗਾ (ਜਲੰਧਰ), ਢਿੱਲਵਾਂ ਬੇਗੋਵਾਲ ਭੁਲੱਥ (ਕਪੂਰਥਲਾ), ਮਾਛੀਵਾੜਾ, ਮੁਲਾਪੁਰ ਦਾਖਾ, ਮਲੌਦ ਅਤੇ ਸਾਹਨੇਵਾਲ (ਲੁਧਿਆਣਾ), ਬਾਘਾਪੁਰਾਣਾ, ਧਰਮਕੋਟ ਅਤੇ ਪੰਜਤੂਰ (ਮੋਗਾ), ਬਰੀਵਾਲਾ (ਮੁਕਤਸਰ) ਘੱਗਾ, ਘਨੌਰ (ਪਟਿਆਲਾ), ਨਰੌਤ ਜੈਮਲ ਸਿੰਘ (ਪਠਾਨਕੋਟ), ਦਿੜਬਾਂ, ਚੀਮਾ, ਖਨੌਰੀ ਅਤੇ ਮੂਨਕ (ਸੰਗਰੂਰ), ਖੇਮਕਰਨ (ਤਰਨਤਾਰਨ), ਭੀਖੀ (ਮਾਨਸਾ), ਬਲਾਚੌਰ (ਐਸ.ਬੀ.ਐਸ ਨਗਰ), ਤਲਵੰਡੀ ਸਾਬੋ (ਬਠਿੰਡਾ) ਅਤੇ ਮਹਿਲਪੁਰ (ਹੁਸ਼ਿਆਰਪੁਰ) ਹਨ।