ਪਰਾਲੀ ਖੇਤ ਵਿੱਚ ਵਾਹ ਕੇ ਕੀਤੀ ਕਣਕ ਦੀ ਬਿਜਾਈ, ਕਿਸਾਨਾਂ ਨੇ ਫਸਲ ਦੀ ਪੈਦਾਵਾਰ ਵੱਧਣ ਦੀ ਉਮੀਦ ਜਤਾਈ
ਬਾਘਾਪੁਰਾਣਾ,9 ਨਵੰਬਰ (ਜਸਵੰਤ ਗਿੱਲ ਸਮਾਲਸਰ)-ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀਆਂ ਹਦਾਇਤਾਂ ਦੇ ਬਾਵਜੂਦ ਵੱਡੀ ਗਿਣਤੀ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਦਾ ਘਾਣ ਕਰਨ ਤੇ ਤੁਲੇ ਹੋਏ ਹਨ। ਅਜਿਹੇ ਵਿੱਚ ਕੁਝ ਸਮਝਦਾਰ ਕਿਸਾਨ ਵੀ ਹਨ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਖਾਤਿਰ ਅਤੇ ਆਪਣੀ ਜ਼ਮੀਨ ਦੀ ਪੈਦਾਵਾਰ ਵਧਾਉਣ ਦੇ ਮੱਦੇਨਜ਼ਰ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ। ਤਾਜਾ ਮਿਸਾਲ ਸੁਖਚੈਨ ਸਿੰਘ ਤੇ ਗੁਰਜੰਟ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੇਖਾ ਕਲਾਂ ਦੀ ਹੈ ,ਇਹਨਾਂ ਦੋਵਾਂ ਭਰਾਵਾਂ ਦੀ ਕਰੀਬ ਚਾਲੀ ਕਿੱਲੇ ਜ਼ਮੀਨ ਦੀ ਸਾਂਝੀ ਵਾਹੀ ਹੈ ਜਿਸ ਵਿੱਚ ਕੁਝ ਘਰੇਲੂ ਜ਼ਮੀਨ ਤੇ ਬਾਕੀ ਠੇਕੇ ‘ਤੇ ਲਈ ਹੋਈ ਹੈ। ਇਸ ਵਾਰ ਹਦਾਇਤਾਂ ਮੁਤਾਬਕ ਸੁਖਚੈਨ ਸਿੰਘ ਤੇ ਗੁਰਜੰਟ ਸਿੰਘ ਨੇ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ। ਉਹਨਾਂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਲਈ ਪੌਣੇ ਤਿੰਨ ਲੱਖ ਰੁਪਏ ਕੀਮਤ ਵਿੱਚ ਮਲਚਰ ਤੇ ਰੋਟਾਵੇਟਰ ਨਾਮਕ ਦੋ ਸੰਦ ਵੀ ਖਰੀਦ ਲਏ ਹਨ ਅਤੇ ਇੱਕ ਲੱਖ ਰੁਪਏ ਸਬਸਿਡੀ ਪ੍ਰਾਪਤ ਕਰਨ ਉਪਰੰਤ ਸੁਖਚੈਨ ਸਿੰਘ ਨੂੰ ਇੰਨਾਂ ਸੰਦਾਂ ਬਦਲੇ ਪੌਣੇ ਦੋ ਲੱਖ ਰੁਪਏ ਖਰਚ ਕਰਨੇ ਪਏ । ਕਿਸਾਨਾਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਇਸ ਤਰੀਕੇ ਬਿਜਾਈ ਕਰਨ ਨਾਲ ਪਹਿਲਾਂ ਨਾਲੋਂ ਕਾਫੀ ਘੱਟ ਖਰਚਾ ਆਇਆ ਅਤੇ ਤੇਲ ਦੀ ਬੱਚਤ ਦੇ ਨਾਲ ਨਾਲ ਸਮਾਂ ਵੀ ਘੱਟ ਲੱਗਿਆ। ਉਨਾਂ ਕਿਹਾ ਕਿ ਸਾਡੀ ਅਪੀਲ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਤਕਨੀਕ ਦਾ ਸਹਾਰਾ ਲੈ ਕੇ ਖੇਤੀ ਕਰਨ ਤਾਂ ਜ਼ਿਆਦਾ ਬੱਚਤ ਅਤੇ ਪੈਦਾਵਾਰ ਲਈ ਜਾ ਸਕਦੀ ਹੈ। ਇੰਨਾਂ ਮੁਤਾਬਕ ਐਂਤਕੀ ਪਿਛਲੀ ਵਾਰ ਨਾਲੋਂ ਪਰਾਲੀ ਨੂੰ ਅੱਗ ਘੱਟ ਲੱਗੀ ਹੈ ਅਤੇ ਉਮੀਦ ਹੈ ਕਿ ਅਗਲੀ ਵਾਰ ਇਸ ਤੋਂ ਘੱਟ ਪਰਾਲੀ ਸਾੜੀ ਜਾਵੇਗੀ।