ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਪੂਰਾ ਦਿਨ ਹਾਜ਼ਰ ਰਹੇ ਮੋਗਾ ਦੇ ਥਾਣਾ ਮਹਿਣਾ ਵਿਖੇ, ਪੰਜਾਬ ਪੁਲਿਸ ਕਿਸੇ ਵੀ ਸਮੇਂ ਕਰ ਸਕਦੀ ਹੈ ਕੋਈ ਵੱਡਾ ਖੁਲਾਸਾ


ਮੋਗਾ, 8 ਨਵੰਬਰ (ਜਸ਼ਨ)-ਪੰਜਾਬ ਵਿਚ ਫਿਰਕੂ ਤਾਕਤਾਂ ਨੂੰ ਸਿਰ ਨਾ ਚੁੱਕਣ ਦੇਣ ਅਤੇ ਪੰਜਾਬ ਵਿਚ ਅਮਨ ਸ਼ਾਤੀ ਨੂੰ ਬਹਾਲ ਕਰਨ ਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ ਜੀ ਪੀ ਸੁਰੇਸ਼ ਅਰੋੜਾ ਵੱਲੋਂ ਕੱਲ ਕੀਤੀ ਵਿਸ਼ੇਸ਼ ਪੈ੍ਰਸ ਕਾਨਫਰੰਸ ਤੋਂ ਬਾਅਦ ਅੱਜ ਮੋਗਾ ਵਿਖੇ ਮਹਿਣਾ ਦੇ ਸੀ ਆਈ ਏ ਸਟਾਫ ਵਿਖੇ ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਪੂਰਾ ਦਿਨ ਹਾਜ਼ਰ ਰਹੇ। ਇਸ ਮੌਕੇੇ ਡੀ ਆਈ ਜੀ ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਤਿੰਨ ਜ਼ਿਲਿਆਂ ਦੇ ਐੱਸ ਐੱਸ ਪੀਜ਼ ਅਤੇ ਜ਼ਿਲਾ ਪੁਲਿਸ ਮੁਖੀ ਮੋਗਾ ਰਾਜਜੀਤ ਸਿੰਘ ਹੰੁਦਲ ਸਮੇਤ ਹੋਰ ਪੁਲਿਸ ਅਫਸਰਾਂ ਦੀ ਹਾਜ਼ਰੀ ਵਿਚ ਗੁਪਤ ਮੀਟਿੰਗ ਤੋਂ ਬਾਅਦ ਲਗਭਗ ਚਾਰ ਘੰਟੇ ਤੋਂ ਵੱਧ ਸਮਾਂ ਵੱਖ ਵੱਖ ਗੰਭੀਰ ਮਾਮਲਿਆਂ ’ਚ ਲੋੜੀਂਦੇ ਵਿਅਕਤੀਆਂ ਦੀ ਇਨਵੈਸਟੀਗੇਸ਼ਨ ਕੀਤੀ ਗਈ। ਕਵਰੇਜ ਕਰਨ ਆਏ ਮੀਡੀਆ ਕਰਮੀਆਂ ਨੂੰ ਇਸ ਮੀਟਿੰਗ ਤੋਂ ਦੂਰ ਰੱਖਿਆ ਗਿਆ । ਭਰੋਸੇਯੋਗ ਸੂਤਰਾਂ ਅਨੁਸਾਰ ਮੋਗਾ ਜ਼ਿਲੇ ਦੀ ਪੁਲਿਸ ਵੱਲੋਂ 2016 ਵਿਚ ਫਰੀਦਕੋਟ ਦੇ ਇੱਕ ਡੇਰਾ ਪ੍ਰੇਮੀ ਦੇ ਕਤਲ ਸਬੰਧੀ ਬਾਘਾਪੁਰਾਣਾ ਵਿਖੇ 193/16 ਮੁਕੱਦਮਾ ਦਰਜ ਕੀਤਾ ਗਿਆ ਸੀ,ਜਿਸ ਦੀ ਤਫਤੀਸ਼ ਕਰਦਿਆਂ ਉਸ ਕੇਸ ਦੀ ਗੁੱਥੀ ਦੇ ਖੁਲਣ ਨਾਲ ਪੰਜਾਬ ਵਿਚ ਹੋਏ ਵੱਖ ਵੱਖ ਕਤਲਾਂ ਵਿਸ਼ੇਸ਼ਕਰ ਆਰ ਐੱਸ ਐੱਸ ਦੇ ਆਗੂਆਂ ਦੀਆਂ ਹੱਤਿਆਵਾਂ ਦੀਆਂ ਕੜੀਆਂ ਜੁੜਦੀਆਂ ਗਈਆਂ। ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਕਾਤਲਾਂ ਦੇ ਫੜੇ ਜਾਣ ਸਬੰਧੀ ਖੁਲਾਸਾ ਕੀਤਾ ਗਿਆ ਸੀ, ਉਸ ਦੀ ਕੜੀ ਮੋਗਾ ਜ਼ਿਲੇ ਤੋਂ ਹੀ ਸ਼ੁਰੂ ਹੋਈ ਸੀ ਇਸੇ ਕਾਰਨ ਅੱਜ ਪੰਜਾਬ ਦੇ ਡੀ ਜੀ ਪੀ ਦਿਨ ਭਰ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਜ਼ਿਲਾ ਪੁਲਿਸ ਮੁਖੀਆਂ ਅਤੇ ਡੀ ਆਈ ਜੀ ਨਾਲ ਲੰਮੀਆਂ ਮੀਟਿੰਗਾਂ ਉਪਰੰਤ ਫੜੇ ਗਏ ਦੋਸ਼ੀਆਂ ਤੋਂ ਕੀਤੀ ਜਾ ਰਹੀ ਸਖਤ ਪੁੱਛਗਿੱਛ ਅਤੇ ਪੜਤਾਲ ਦੌਰਾਨ ਨਿੱਜੀ ਤੌਰ ’ਤੇ ਹਾਜ਼ਰ ਰਹੇ। ਪੁਲਿਸ ਵੱਲੋਂ ਫੜੇ ਵਿਅਕਤੀਆਂ ਦਾ ਬੇਸ਼ੱਕ ਅਧਿਕਾਰਕ ਖੁਲਾਸਾ ਨਹੀਂ ਹੋਇਆ ਹੈ ਪਰ ਸੂਤਰਾਂ ਦਾ ਮੰਨਣਾ ਹੈ ਕਿ ਮਹਿਣਾ ਸ਼ਪੈਸ਼ਲ ਸਟਾਫ ਵਿੱਚ ਜਗਤਾਰ ਸਿੰਘ ਜੌਹਲ ਉਰਫ ਜੱਗੀ ਵਾਸੀ ਜਲੰਧਰ, ਤਲਜੀਤ ਸਿੰਘ ਜਿੰਮੀ ਵਾਸੀ ਜੰਮੂ, ਧਰਮਿੰਦਰ ਸਿੰਘ ਗੁਗਨੀ ਵਾਸੀ ਲੁਧਿਆਣਾ ਅਤੇ ਰਮਨਦੀਪ ਸਿੰਘ ਚੂਹੜਵਾਲ ਤੋਂ ਪੁੱਛਗਿੱਛ ਕੀਤੀ ਗਈ ਹੋ ਸਕਦੀ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਸਾਰੇ ਕੇਸ ਦੀਆਂ ਕੜੀਆਂ ਹਰਮਿੰਦਰ ਸਿੰਘ ਮਿੰਟੂ ਜਿਸ ਨੂੰ ਨਾਭਾ ਜੇਲ ਬ੍ਰੇਕ ਕਾਡ ਵਿੱਚੋਂ ਨਵੰਬਰ 2016 ਨੂੰ ਛੁਡਵਾ ਕੇ ਲੈ ਗਏ ਸੀ, ਉਸ ਨੂੰ ਸਪੈਸ਼ਲ ਪੁਲਿਸ ਮਹਿਣਾ ਲੈ ਕੇ ਆਈ ਸੀ, ਨਾਲ ਵੀ ਜੁੜ ਰਹੀਆਂ ਹਨ। ਇਹ ਵੀ ਕਿਆਸਿਆ ਜਾ ਰਿਹਾ ਹੈ ਕਿ ਅੱਜ ਦੀ ਜਾਂਚ ਪੜਤਾਲ ਦੌਰਾਨ ਫੜੇ ਗਏ ਵਿਅਕਤੀਆਂ ਨੇ ਇਹ ਇਕਬਾਲ ਕੀਤਾ ਹੈ ਕਿ ਹਿੰਸਕ ਵਾਰਦਾਤਾਂ ਲਈ ਉਹਨਾਂ ਨੂੰ ਵਿਦੇਸ਼ਾਂ ਤੋਂ ਆਰਥਿਕ ਸਹਾਇਤਾ ਪ੍ਰਾਪਤ ਹੋ ਰਹੀ ਹੈ। ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਨੇ ਆਖਿਆ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀ ਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਦੀ ਕੀਤੀ ਜਾਂਚ ਪੜਤਾਲ ਦਾ ਖੁਲਾਸਾ ਉਹ ਚੰਡੀਗੜ ਵਿਖੇ ਪ੍ਰੈਸ ਮੀਟਿੰਗ ਦੌਰਾਨ ਕਰਨਗੇ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਕਿਸੇ ਸਮੇਂ ਵੀ ਕੋਈ ਵੱਡੇ ਖੁਲਾਸੇ ਕਰ ਸਕਦੀ ਹੈ । ਬੇਸ਼ੱਕ ਉਪਰੋਕਤ ਖਬਰ ਦੇ ਤੱਥਾਂ ਦੀ ਪੁਸ਼ਟੀ ਕਿਸੇ ਪੁਲਿਸ ਅਧਿਕਾਰੀ ਨੇ ਨਹੀਂ ਕੀਤੀ ਹੈ ਪਰ ਜੇਕਰ ਵਾਕਿਆ ਹੀ ਪੁਲਿਸ ਨੂੰ ਇਸ ਕਦਰ ਵੱਡੀ ਸਫਲਤਾ ਹਾਸਲ ਹੰੁਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਸੂਬੇ ਨੂੰ ਰਾਜਨੀਤਕ ਸਥਿੱਰਤਾ ਦੇਣਾ ਆਸਾਨ ਰਹੇਗਾ।
ਤਾਜ਼ਾ ਘਟਨਾਕਰਮ ਮੁਤਾਬਕ ਚੰਡੀਗੜ ਤੋਂ ਸਰਕਾਰੀ ਬੁਲਾਰੇ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਡੀ ਜੀ ਪੀ ਸੁਰੇਸ਼ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਗਗਨੇਜਾ ,ਰਵਿੰਦਰ ਗੌਸਾਈਂ ਅਤੇ ਡੇਰਾ ਪ੍ਰੇਮੀਆਂ ਦੇ ਕਤਲਾਂ ਦੌਰਾਨ ਸ਼ੂਟਰ ਵਜੋਂ ਸ਼ਮੂਲੀਅਤ ਕਰਨ ਵਾਲੇ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਬੁਲਾਰੇ ਨੇ ਉਸ ਦਾ ਨਾਮ ਰਮਨਦੀਪ ਕਨੇਡੀਅਨ ਦੱਸਦਿਆਂ ਦਾਅਵਾ ਕੀਤਾ ਕਿ ਰਮਨਦੀਪ ਨੇ ਮੰਨਿਆ ਹੈ ਕਿ ਇਹ ਕਤਲ ਉਸਨੇ ਪਾਕਿਸਤਾਨ ਸਥਿਤ ਆਈ ਐੱਸ ਆਈ ਅਧਿਕਾਰੀਆਂ ਅਤੇ ਖਾਲਿਸਤਾਨ ਦੇ ਪ੍ਰਮੁੱਖ ਆਗੂਆਂ ਦੇ ਕਹਿਣ ’ਤੇ ਕੀਤੇ ਹਨ । ਪ੍ਰੈਸ ਨੋਟ ਮੁਤਾਬਕ ਇਹਨਾਂ ਕਤਲਾਂ ਦਾ ਪਰਦਾਫਾਸ਼ ਇੰਦਰਾਗਾਂਧੀ ਏਅਰਪੋਰਟ ਤੋਂ ਗਿ੍ਰਫਤਾਰ ਕੀਤੇ ਤਲਜੀਤ ਸਿੰਘ ਜਿੰਮੀ ਦੀ ਪੁੱਛਗਿੱਛ ਤੋਂ ਬਾਅਦ ਸੰਭਵ ਹੋ ਸਕਿਆ । ਜ਼ਿਕਰਯੋਗ ਹੈ ਕਿ ਜਿੰਮੀ ਕਈ ਸਾਲ ਇੰਗਲੈਂਡ ਰਹਿਣ ਤੋਂ ਬਾਅਦ ਵਾਪਸ ਪਰਤਿਆ ਸੀ ।


