ਕਾਂਗਰਸ ਦੀ ਮਹੀਨਾਵਾਰ ਮੀਟਿੰਗ ‘ਚ ਵੱਖ-ਵੱਖ ਮੁੱਦਿਆਂ ਨੂੰ ਵਿਚਾਰਿਆ ਗਿਆ
*ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ- ਗੁਰਜੰਟ ਨੰਬਰਦਾਰ
ਸਮਾਲਸਰ, 06 ਨਵੰਬਰ (ਗਗਨਦੀਪ)- ਕਸਬੇ ਦੇ ਕਾਂਗਰਸੀ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਸਥਾਨਕ ਸ਼ਿਵ ਮੰਦਰ ਸਮਾਲਸਰ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਜੰਟ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਕੀਤੀ ਗਈ,ਜਿਸ ਵਿੱਚ ਵੱਖ-ਵੱਖ ਮੁੱਦਿਆਂ ਦੇ ਗੰਭੀਰਤਾ ਨਾਲ ਵਿਚਾਰ ਸਾਂਝੇ ਕੀਤੇ ਗਏ,ਜਿੰਨ੍ਹਾਂ ਵਿੱਚ ਲੋੜਵੰਦਾਂ ਦੀਆਂ ਪੈਨਸ਼ਨਾਂ ਲਵਾਉਣ ਤੇ ਨੀਲੇ ਕਾਰਡ ਬਣਾਉਣ ਦੇ ਕੰਮ ਨੂੰ ਪ੍ਰਮੁੱਖਤਾ ਨਾਲ ਕਰਾਉਣ ਲਈ ਸਹਿਮਤੀ ਬਣਾਈ ਗਈ। ਆਗੂਆਂ ਨੇ ਦੱਸਿਆ ਕਿ ਹੁਣ ਪੈਨਸ਼ਨਾਂ ਦੇ ਫਾਰਮ ਲੈ ਕੇ ਸਰਪੰਚਾਂ ਦੇ ਘਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਪਵੇਗੀ ਸਗੋਂ ਫਾਰਮ ਤੇ ਸਿਰਫ ਪਟਵਾਰੀ ਦੀ ਰਿਪੋਰਟ ਕਰਾ ਕੇ ਕਿਸੇ ਵੀ ਕਾਂਗਰਸੀ ਆਗੂ ਨੂੰ ਫੜਾਏ ਜਾਣ ਜਾਂ ਸਿੱਧੇ ਬਾਘਾਪੁਰਾਣਾ ਦਫਤਰ ਵਿੱਚ ਜਮ੍ਹਾਂ ਕਰਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਆਦਾਤਰ ਪੈਨਸ਼ਨ ਲਵਾਉਣ ਵਾਲਿਆਂ ਨਾਲ ਪਾਰਟੀਬਾਜੀ ਕਰਕੇ ਵਿਤਕਰਾ ਹੋ ਜਾਂਦਾ ਸੀ ਪਰ ਹੁਣ ਅਜਿਹੀ ਕੋਈ ਮੁਸ਼ਕਿਲ ਨਹੀਂ ਆਵੇਗੀ। ਉਹਨਾਂ ਆਖਿਆ ਕਿ ਇਸੇ ਤਰ੍ਹਾਂ ਜਿਹੜੇ ਵਿਅਕਤੀ ਨੀਲੇ ਕਾਰਡ ਬਣਾਉਣ ਤੋਂ ਵਾਂਝੇ ਰਹਿ ਗਏ ਹਨ ਉਹ ਵੀ ਆਪਣੇ ਫਾਰਮ ਛੇਤੀ ਨਾਲ ਭਰਵਾ ਕੇ ਜਮ੍ਹਾਂ ਕਰਵਾ ਦੇਣ ਅਤੇ ਲੋੜ ਪੈਣ ‘ਤੇ ਕਾਂਗਰਸੀ ਵਰਕਰਾਂ ਦੀ ਸਹਾਇਤਾ ਲੈ ਸਕਦੇ ਹਨ। ਮੀਤ ਪ੍ਰਧਾਨ ਗੁਰਜੰਟ ਸਿੰਘ ਨੰਬਰਦਾਰ ਨੇ ਕਿਹਾ ਕਿ ਇਸ ਵਾਰ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਗਿਆ, ਇਹਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਸਰਕਾਰ ਵਧਾਈ ਦੀ ਪਾਤਰ ਹੈ। ਬਾਕੀ ਆਗੂਆਂ ਨੇ ਵੀ ਇਸ ਗੱਲ ਨਾਲ ਸਹਿਮਤ ਹੁੰਦਿਆਂ ਆਖਿਆ ਕਿ ਕਿਸਾਨਾਂ ਦੇ ਝੋਨੇ ਦੀ ਦਾਣੇ-ਦਾਣੇ ਦੀ ਖਰੀਦ ਕੀਤੀ ਗਈ ਅਤੇ ਸਮੇਂ ਸਿਰ ਅਦਾਇਗੀਆਂ ਵੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਲਿਫਟਿੰਗ ਦੀ ਵੀ ਕੋਈ ਸਮੱਸਿਆ ਨਜ਼ਰ ਨਹੀਂ ਆਈ। ਲੋਕ ਬੜੇ ਆਰਾਮ ਨਾਲ ਝੋਨਾ ਵੇਚ ਕੇ ਬੇਫਿਕਰੀ ਨਾਲ ਘਰਾਂ ਨੂੰ ਤੁਰ ਗਏ ਹਨ ਜੋ ਕਿ ਬੜੀ ਖੁਸ਼ੀ ਦੀ ਗੱਲ ਹੈ। ਮੁਸ਼ਕਿਲਾਂ ਵਿੱਚ ਘਿਰੇ ਕਿਸਾਨਾਂ ਲਈ ਝੋਨੇ ਦਾ ਇਹ ਸੀਜ਼ਨ ਬੜਾ ਹੀ ਰਾਹਤ ਭਰਿਆ ਰਿਹੈੈ। ਇਸ ਮੌਕੇ ਅਮਰਜੀਤ ਸਿੰਘ ਯਮਲਾ ਐਸ.ਸੀ. ਪ੍ਰਧਾਨ, ਬੀਬੀ ਕਿ੍ਰਸ਼ਨਾ ਦੇਵੀ, ਹਰਬੰਸ ਸਿੰਘ, ਰਣਜੋਧ ਸਿੰਘ ਨੀਟੂ, ਕੁਲਦੀਪ ਸਿੰਘ ਜਰਨਲ ਸਕੱਤਰ, ਜਸਮੇਲ ਸਿੰਘ ਬਰਾੜ, ਮਾਸਟਰ ਸੁਰਿੰਦਰ ਸਿੰਘ, ਬਾਬੂ ਲਾਲ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।