ਸਰਦ ਰੁੱਤ ਦੇ ਸੂਰਜ ਵਾਂਗ ਘੱਟ-ਵੱਧ ਹੀ ਨਜ਼ਰ ਆ ਰਹੀ ਹੈ ਹਾਈਵੇ ਰੋਡ ‘ਤੇ ਚਿੱਟੀ ਪੱਟੀ
*ਧੁੰਦ ‘ਚ ਮੰਜ਼ਿਲ ਤੱਕ ਪਹੁੰਚਣ ਲਈ ਵਾਹਨ ਚਾਲਕ ਲੈਂਦੇ ਹਨ ਚਿੱਟੀ ਪੱਟੀ ਦਾ ਸਹਾਰਾ
ਬਾਘਾਪੁਰਾਣਾ,5 ਨਵੰਬਰ (ਜਸਵੰਤ ਗਿੱਲ ਸਮਾਲਸਰ)- ਸਰਦ ਰੁੱਤ ਆਉਂਦਿਆ ਹੀ ਵਾਹਨਾਂ ਤੇ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਧੁੰਦ ਕਾਰਨ ਡਾਹਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਚਿੰਤਾ ਹੋਣ ਲੱਗਦੀ ਹੈ। ਹਾਈਵੇ ਅਤੇ ਨੈਸ਼ਨਲ ਹਾਈਵੇ ਤੇ ਲੱਗੀਆ ਚਿੱਟੇ ਰੰਗ ਦੀਆਂ ਪੱਟੀਆ ਉਨ੍ਹਾਂ ਵਾਹਨ ਚਾਲਕਾਂ ਲਈ ਸਹਾਰਾ ਬਣਦੀਆਂ ਹਨ ਅਤੇ ਇਨ੍ਹਾਂ ਪੱਟੀਆ ਦੇ ਸਹਾਰੇ ਹੀ ਰਾਹਗੀਰ ਆਪਣੀ ਮੰਜ਼ਿਲ ਵੱਲ ਵੱਧਦੇ ਹਨ। ਹਰ ਸਾਲ ਹੀ ਸਰਦੀ ਰੁੱਤ ਤੋਂ ਪਹਿਲਾ ਸੜਕੀ ਵਿਭਾਗ ਸੜਕਾਂ ਤੇ ਮਿੱਟ ਚੁੱਕੀਆ ਪੱਟੀਆਂ ਜਾਂ ਫਿੱਕੀਆਂ ਪੈ ਚੁੱਕੀਆ ਚਿੱਟੀਆ ਪੱਟੀਆਂ ਨੂੰ ਗੂੜ੍ਹਾ ਕਰਨ ਦਾ ਕੰਮ ਕਰਦਾ ਹੈ ਪਰ ਇਸ ਸਾਲ ਸੜਕੀ ਮਹਿਕਮੇਂ (ਪੀ ਡਬਲਿੳੂ ਡੀ) ਨੇ ਇਸ ਕੰਮ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਪਰਾਲੀ ਦੇ ਧੰੂਏ ਕਾਰਨ ਧੁੰਦ ਨੇ ਵੀ ਜ਼ੋਰ ਫੜ ਲਿਆ ਹੈ। ਮੋਗਾ-ਕੋਟਕਪੂਰਾ ਸ਼ਾਹ ਮਾਰਗ ਤੇ ਸਰਦੀ ਰੁੱਤ ਦੇ ਸੂਰਜ ਵਾਂਗ ਬਹੁਤ ਘੱਟ ਹੀ ਇਹ ਪੱਟੀਆਂ ਦੇਖਣ ਨੂੰ ਮਿਲਦੀਆਂ ਹਨ। ਵਧੇਰੇ ਕਰਕੇ ਇਸ ਰੋਡ ਤੋਂ ਚਿੱਟੀ ਪੱਟੀ ਬਿਲਕੁਲ ਫਿੱਕੀ ਪੈ ਚੁੱਕੀ ਹੈ ਅਤੇ ਜ਼ਿਆਦਾਤਰ ਥਾਵਾਂ ਤੇ ਚਿੱਟੀ ਪੱਟੀ ਦਾ ਕੋਈ ਨਿਸ਼ਾਨ ਵੀ ਨਜ਼ਰ ਨਹੀਂ ਆ ਰਿਹਾ। ਚਿੱਟੀ ਪੱਟੀ ਦੇ ਫਿੱਕਾ ਪੈ ਜਾਣ ਅਤੇ ਮਿੱਟ ਜਾਣ ਕਰਕੇ ਵਾਹਨ ਚਾਲਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਹਰ ਰੋਜ ਸਫਰ ਕਰਨ ਵਾਲੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਫਰ ਕਰਨ ਲਈ ਮਜ਼ਬੂਰ ਹਨ ਤੇ ਇਸੇ ਕਾਰਨ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ,ਪਰ ਸੜਕੀ ਵਿਭਾਗ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਜ਼ਿਕਰਯੋਗ ਹੈ ਕਿ ਮੋਗਾ-ਕੋਟਕਪੂਰਾ ਮੁੱਖ ਮਾਰਗ ਉੱਤੇ ਚੰਦ ਪੁਰਾਣੇ ਦੇ ਨੇੜੇ ਟੋਲ-ਪਲਾਜ਼ਾ ਲੱਗਿਆ ਹੋਇਆ ਹੈ ਜਿੱਥੇ ਗੱਡੀਆਂ ਵਾਲੇ ਇੱਥੋਂ ਟੌਲ ਟੈਕਸ ਭਰ ਕੇ ਅੱਗੇ ਜਾਂਦੇ ਹਨ। ਇਸ ਜਗਹ ਤੋਂ ਲੰਘਦੇ ਲੋਕਾਂ ਵੱਲੋਂ ਭਰੇ ਜਾਂਦੇ ਕਰੋੜਾਂ ਰੁਪਏ ਦੇ ਟੈਕਸਾਂ ਕਰਕੇ ਕੋਟਕਪੂਰਾ ਤੋਂ ਲੈ ਕੇ ਮੋਗਾ ਤੱਕ ਦੀ ਸੜਕ ਦੀ ਮੁਰੰਮਤ,ਪੱਟੀਆਂ ਬਣਾਉਣੀਆਂ ਤੇ ਜਾਂ ਰਿਫਲੈਕਟਰ ਲਗਾਉਣੇ ਹਰ ਕੰਮ ਨੂੰ ਤਸੱਲੀਬਖਸ਼ ਢੰਗ ਨਾਲ ਨੇਪਰੇ ਚਾੜਨਾਂ ਟੌਲ-ਪਲਾਜ਼ਾ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਸੜਕ ਤੇ ਸਫੈਦ ਲੈਨ ਦੀ ਮਾੜੀ ਹਾਲਤ ਦੇਖ ਕੇ ਇੰਝ ਲੱਗਦਾ ਹੈ ਕਿ ਟੌਲ-ਪਲਾਜ਼ਾ ਦੇ ਕਰਮਚਾਰੀਆਂ ਨੇ ਆਪਣੀ ਇਸ ਜਿੰਮੇਵਾਰੀ ਤੋਂ ਮੂੰਹ ਫੇਰ ਲਿਆ ਹੈ ਜਿਸ ਕਰਕੇ ਸੜਕ ਤੇ ਚਿੱਟੀ ਪੱਟੀ ਨਜ਼ਰ ਨਹੀਂ ਆ ਰਹੀ,ਜਦਕਿ ਟੌਲ-ਪਲਾਜ਼ਾ ਵਾਲੇ ਇੱਕ ਵੀ ਗੱਡੀ ਨੂੰ ਬਿਨ੍ਹਾਂ ਪਰਚੀ ਕੱਟੇ ਨਹੀਂ ਜਾਣ ਦਿੰਦੇ। ਇਸ ਸਬੰਧੀ ਜਦ ਪੀ.ਡਬਲਯੂ.ਡੀ ਦੇ ਐਕਸ਼ੀਅਨ ਮਨਜੀਤ ਸਿੰਘ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੋਗਾ-ਕੋਟਕਪੂਰਾ ਮਾਰਗ ਤੇ ਸਫੈਦ ਲੈਨ (ਡਿਵਾਈਡਰ) ਲਾਉਣ ਦਾ ਕੰਮ ਟੌਲ-ਪਲਾਜ਼ਾ ਵਾਲੀ ਕੰਪਨੀ ਦਾ ਹੈ ਕਿਉਂਕਿ ਇਹ ਮਾਰਗ ਟੌਲ-ਪਲਾਜ਼ਾ ਦੇ ਅਧਿਕਾਰ ਖੇਤਰ ਵਿੱਚ ਹੈ। ਉਹਨਾਂ ਕਿਹਾ ਕਿ ਜਲਦ ਹੀ ਟੌਲ-ਪਲਾਜ਼ਾ ਦੇ ਮੁਲਾਜ਼ਮਾਂ ਨੂੰ ਇਸ ਸਬੰਧੀ ਸੂਚਿਤ ਕਰਕੇ ਚਿੱਟੀ ਪੱਟੀ ਲਵਾ ਦਿੱਤੀ ਜਾਵੇਗੀ।ਇਸ ਸਬੰਧੀ ਜਦ ਟੌਲ-ਪਲਾਜ਼ਾ ਦੇ ਮੁੱਖ ਅਧਿਕਾਰੀ ਮੁਹੰਮਦ ਯੂਨੀਸ ਖਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਗਾ-ਕੋਟਕਪੂਰਾ ਮਾਰਗ ਦੀ ਹਾਲਤ ਸਰਕਾਰੀ ਸੜਕਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ। ਸਾਡੇ ਵਲੋਂ ਸੜਕਾਂ ਦੇ ਕਿਨਾਰਿਆ ਤੇ ਲਾਏ ਜਾਂਦੇ ਦਿਸ਼ਾ ਦਰਸਾਉ ਬੋਰਡ ਵੀ ਚੋਰੀ ਹੋ ਜਾਂਦੇ ਹਨ। ਜਦੋਂ ਦੁਬਾਰਾ ਸੜਕ ਬਣੇਗੀ ਤਾਂ ਚਿੱਟੀ ਪੱਟੀ ਲਾਈ ਜਾਵੇਗੀ ਅਸੀਂ ਵਾਰ-ਵਾਰ ਚਿੱਟੀ ਪੱਟੀ ਨਹੀਂ ਲਾ ਸਕਦੇ। ਉਨ੍ਹਾਂ ਇਸ ਗੱਲ ਦੀ ਤਸਦੀਕ ਵੀ ਕੀਤੀ ਕਿ ਇਹ ਧੁੰਦ ਨਹੀਂ ਹੈ ਸਗੋਂ ਪਰਾਲੀ ਦਾ ਧੂੰਆਂ ਹੈ ਜਿਸ ਕਰਕੇ ਚਿੱਟੀ ਪੱਟੀ ਨਜ਼ਰ ਨਹੀਂ ਆ ਰਹੀ। ਕੁਝ ਦਿਨਾਂ ਵਿੱਚ ਹੀ ਸੜਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਇਸ ਦੌਰਾਨ ਹੀ ਚਿੱਟੀ ਪੱਟੀ ਲਵਾ ਦਿੱਤੀ ਜਾਵੇਗੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਾਕੀ ਸੜਕਾਂ ਨਾਲੋਂ ਇਸ ਸੜਕ ਦੀ ਹਾਲਤ ਵਧੀਆ ਹੈ ਪਰ ਟੌਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਰਾਹਗੀਰਾਂ ਦੀ ਸਹੂਲਤ ਲਈ ਰਹਿੰਦੀਆਂ ਖਾਮੀਆਂ ਨੂੰ ਛੇਤੀ ਤੋਂ ਛੇਤੀ ਦੂਰ ਕਰਨਾ ਚਾਹੀਦਾ ਹੈ । ਆਮ ਲੋਕਾਂ ਦੀ ਮੰਗ ਹੈ ਕਿ ਸੜਕ ਦੇ ਦੋਨੀਂ ਪਾਸੀਂ ਰਿਫਲੈਕਟਰ ਲੱਗੇ ਹੋਣੇ ਚਾਹੀਦੇ ਹਨ ਤਾਂ ਕਿ ਰਾਤ ਦਾ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।