ਕਾਂਗਰਸ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਦੇ ਨੌਜਵਾਨ ਪੁੱਤਰ ਅਰਸ਼ਜੀਤ ਖੋਸਾ ਦੀ ਮੌਤ , ਅੰਤਿਮ ਸੰਸਕਾਰ 5 ਨਵੰਬਰ ਨੂੰ

ਮੋਗਾ, 4 ਨਵੰਬਰ (ਜਸ਼ਨ)-ਅੱਜ ਉਸ ਵੇਲੇ ਮੋਗਾ ਜ਼ਿਲੇ ‘ਚ ਸੋਗ ਦੀ ਲਹਿਰ ਦੌੜ ਗਈ ਜਦੋਂ ਕਾਂਗਰਸ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਦੇ ਪੁੱਤਰ ਅਰਸ਼ਜੀਤ ਦੀ ਅਚਾਨਕ ਮੌਤ  ਹੋ ਗਈ । ਕਾਂਗਰਸ ਦੇ ਸੀਨੀਅਰ ਆਗੂ ਸ਼ਿਵਾਜ਼ ਭੋਲਾ ਮਸਤੇਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੁਪਹਿਰ ਸਮੇਂ ਅਰਸ਼ ਦੀ ਮਾਤਾ ਗੁਰਦੁਆਰਾ ਸਾਹਿਬ ਜਾ ਰਹੀ ਸੀ ਇਸੇ ਦੌਰਾਨ ਅਰਸ਼ ਨੇ ਉਸ ਨੂੰ ਆਖਿਆ ਕਿ ‘ਤੁਸੀਂ ਚੱਲੋ ਮੈਂ ਇਸ਼ਨਾਨ ਕਰਕੇ ਆਉਨੈ’, ਲੰਗਰ ਆਪਾਂ ਇਕੱਠੇ ਛੱਕਾਂਗੇ। ’ ਤੇ ਅਰਸ਼ ਨਹਾਉਣ ਲੱਗ ਪਿਆ । ਜਦ ਕਾਫੀ ਦੇਰ ਗੁਸਲਖਾਨੇ ਵਿਚੋਂ ਬਾਹਰ ਨਾ ਆਇਆ ਤਾਂ ਘਰ ਵਿਚ ਹੀ ਮੌਜੂਦ ਉਸ ਦੇ ਪਿਤਾ ਜਸਵਿੰਦਰ ਸਿੰਘ ਬਲਖੰਡੀ ਨੇ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਾ ਆਉਣ ’ਤੇ ਉਹਨਾਂ ਚਿਟਕਣੀ ਤੋੜ ਕੇ ਦਰਵਾਜ਼ਾ ਖੋਲਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਅਰਸ਼ ਬੇਸੁੱਧ ਗੁਸਲਖਾਨੇ ਵਿਚ ਡਿੱਗਿਆ ਪਿਆ ਸੀ। ਸ਼ਿਵਾਜ਼ ਭੋਲਾ ਨੇ ਦੱਸਿਆ ਕਿ ਹੋ ਸਕਦੈ ਕਿ ਗੈਸ ਗੀਜ਼ਰ ਕਾਰਨ ਆਕਸੀਜ਼ਨ ਘੱਟ ਜਾਣ ਕਰਕੇ ਸਾਹ ਘੁੱਟਣ ਨਾਲ ਅਰਸ਼ ਦੀ ਮੌਤ ਹੋ ਗਈ ਹੋਵੇ।  ਉਹਨਾਂ ਆਖਿਆ ਕਿ ਨਿਮਰ ਸਿਆਸਤਦਾਨ ਵਜੋਂ ਜਾਣੇ ਜਾਂਦੇ ਜਸਵਿਦਰ ਸਿੰਘ ਬਲਖੰਡੀ ਦੇ ਹੋਣਹਾਰ ਸਪੁੱਤਰ ਅਰਸ਼ਜੀਤ ਖੋਸਾ ਜੋ ਕਿ ਭਰ ਜਵਾਨੀ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾ ਵਿਚ ਜਾ ਬਿਰਾਜੇ ਹਨ, ਉਹਨਾ ਦਾ ਅੰਤਿਮ ਸੰਸਕਾਰ ਕਲ ਮਿਤੀ 5 ਨਵੰਬਰ  ਨੂੰ ਸਵੇਰੇ 11.30 ਵਜੇ ਦੇ ਕਰੀਬ ਪਿੰਡ ਬਲਖੰਡੀ ਵਿਖੇ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਅਰਸ਼ ਚੰਡੀਗੜ ਵਿਖੇ ਆਪਣੀ ਸਿੱਖਿਆ ਹਾਸਲ ਕਰ ਰਿਹਾ ਸੀ । ਇਹ ਖਬਰ ਸੁਣਦਿਆਂ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਸੋਹਣਾ ਖੇਲ੍ਹਾ ਅਤੇ ਹੋਰ ਆਗੂ ਬਲਖੰਡੀ ਦੇ ਗ੍ਰਹਿ ਵਿਖੇ ਪਹੰੁਚੇ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੀ ਸਮੁੱਚੀ ਟੀਮ ਇਸ ਅਣਹੋਣੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰੇ।