ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਮੋਗਾ, 4 ਨਵੰਬਰ (ਜਸ਼ਨ): : ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦਿਆਂ ਸਮੂਹ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਗੁਰੂ ਮਹਾਰਾਜ ਦੀ ਹਜੂਰੀ ਵਿਚ ਸੁੰਦਰ ਰੁਮਾਲਾ ਸਾਹਿਬ ਭੇਂਟ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਜੀ ਹਰ ਧਰਮ ਦੇ ਨਾਲ ਸੰਬੰਧ ਰੱਖਦੇ ਅਤੇ ਹਰ ਵਰਗਾਂ ਲਈ ਆਦਰਸ਼ ਅਤੇ ਪੂਜਨੀਕ ਹਨ। ਪ੍ਰੋਜੈਕਟ ਇੰਚਾਰਜ ਵਿਭਾਗੀ ਮੁਖੀ ਜਗਸੀਰ ਸਿੰਘ ਨੇ ਇਸ ਦਿਨ ਦੀ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਆਪਣੇ ਜੀਵਨ ਵਿਚ ਅਪਨਾਉਣੀਆਂ ਚਾਹੀਦੀਆਂ ਹਨ ਅਤੇ ਸਦਾ ਉੱਚੇ ਅਤੇ ਹਲੀਮੀ ਭਰੇ ਵਿਚਾਰਾਂ ਨਾਲ ਹੀ ਦੁਨੀਆਂ ਵਿਚ ਵਿਚਰਨਾ ਚਾਹੀਦਾ ਹੈ। ਇੰਜੀਨੀਅਰ ਪਰਮਬੀਰ ਸਿੰਘ ਅਤੇ ਮੈਡਮ ਮਨਵੀਨ ਕੌਰ ਪਿ੍ਰੰਸੀਪਲ ਨੇ ਵੀ ਇਸ ਖੁਸ਼ੀ ਵਿਚ ਬਣਦਾ ਯੋਗਦਾਨ ਪਾਇਆ। ਮੈਡਮ ਵਿਸ਼ਾਲਜੀਤ ਕੌਰ ਨੇ ਗੁਰੂ ਜੀ ਵੱਲੋਂ ਸਿੱਖਿਆ ਇਮਾਨਦਾਰੀ ਨਾਲ ਮਿਹਨਤ ਕਰਨ, ਨਾਮ ਜਪਣ ਅਤੇ ਲੋੜਵੰਦਾ ਨੂੰ ਭੋਜਨ ਛਕਾਉਣ ਦਾ ਵਿਸਥਾਰ ਨਾਲ ਵਰਨਣ ਕੀਤਾ। ਇਸ ਮੌਕੇ ਕਾਲਜ ਵੱਲੋਂ ਗ੍ਰੰਥੀ ਸਿੰਘ ਨੂੰ ਸਿਰੋਪਾ ਭੇਂਟ ਕੀਤਾ ਗਿਆ ਅਤੇ ਕੜਾਅ ਪ੍ਰਸ਼ਾਦ ਦੀ ਦੇਗ ਵੰਡੀ ਗਈ। ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨਾਲ ਚਾਰ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ ਜਿਸ ਦੌਰਾਨ ਉਹਨਾਂ ਦੁਨੀਆਂ ’ਚੋਂ ਪਾਖੰਡ ,ਝੂਠ ਅਤੇ ਨਫਰਤ ਨੂੰ ਖਤਮ ਕਰਨ ਅਤੇ ਮਨੁੱਖਤਾ ਨੂੰ ਸਾਂਝੀਵਾਲਤਾ ਦੇ ਸੰਦੇਸ਼ ਦਿੱਤਾ।