ਗਰਭਵਤੀ ਔਰਤ ਨੇ 108 ਐਂਬੂਲੈਂਸ ਵਿਚ ਹੀ ਜੰਮੇ ਜੌੜੇ ਬੱਚੇ, ਚੱਲਦੀ ਐਂਬੂਲੈਂਸ ’ਚ ਭਰਾ ਤੋਂ ਪੰਜ ਮਿੰਟ ਬਾਅਦ ਜਨਮ ਲਿਆ ਭੈਣ ਨੇ
ਮੋਗਾ, 4 ਨਵੰਬਰ (ਜਸ਼ਨ)- ਅੱਜ ਮੋਗਾ ਦੇ ਕਸਬਾ ਚੜਿੱਕ ਦੀ ਵਸਨੀਕ ਗਗਨਦੀਪ ਕੌਰ ਨੇ 108 ਐਂਬੂਲੈਂਸ ਬੱਸ ਵਿਚ ਹੰਗਾਮੀ ਹਾਲਾਤ ਵਿਚ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ । ਸ: ਮੋਹਨ ਸਿੰਘ ਸੰਨੀ ਜ਼ਿਲਾ ਇੰਚਾਰਜ 108 ਐਂਬੂਲੈਂਸ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰ ਵੇਲੇ ਆਸ਼ਾ ਵਰਕਰ ਕਮਲਜੀਤ ਕੌਰ ਚੜਿੱਕ ਵੱਲੋਂ ਪਿੰਡ ਦੀ ਗਰਭਵਤੀ ਔਰਤ ਗਗਨਦੀਪ ਕੌਰ ਨੂੰ 108 ਐਂਬੂਲੈਂਸ ਰਾਹੀਂ ਚੜਿੱਕ ਪਿੰਡ ਤੋਂ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ ਪਰ ਡਾਕਟਰਾਂ ਨੇ ਗਰਭ ਵਿਚ ਪਲ ਰਹੇ ਬੱਚਿਆਂ ਦੇ ਸਮੇਂ ਤੋਂ ਪਹਿਲਾਂ ਜਨਮ ਲੈਣ ’ਤੇ ਉਹਨਾਂ ਦੀ ਜਾਨ ਨੂੰ ਖਤਰਾ ਭਾਂਪਦਿਆਂ ਔਰਤ ਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ । ਇਸ ਦੌਰਾਨ ਜਦ 108 ਐਂਬੂਲੈਂਸ ਗਰਭਵਤੀ ਔਰਤ ਨੂੰ ਫਰੀਦਕੋਟ ਲੈ ਕੇ ਜਾ ਰਹੀ ਸੀ ਤਾਂ ਪਿੰਡ ਸਮਾਲਸਰ ਨੇੜੇ ਔਰਤ ਨੂੰ ਪ੍ਰਸੂਤਾ ਦਰਦਾਂ ਸ਼ੁਰੂ ਹੋ ਗਈਆਂ ਜਿਸ ’ਤੇ ਐਂਬੂਲੈਂਸ ’ਚ ਮੌਜੂਦ ਐਮਰਜੈਂਸੀ ਮੈਡੀਕਲ ਟੈਕਨੀਸ਼ਅਨ (ਈ ਐੱਮ ਟੀ) ਸੁਖਦੀਪ ਸਿੰਘ ਫਾਰਮਾਸਿਸਟ ਨੇ ਚੱਲਦੀ ਐਂਬੂਲੈਂਸ ਵਿਚ ਗਰਭਵਤੀ ਔਰਤ ਨੂੰ ਇਲਾਜ ਪ੍ਰਦਾਨ ਕੀਤਾ ਜਿਸ ਸਦਕਾ ਉਸ ਔਰਤ ਨੇ ਪਹਿਲਾਂ ਇਕ ਲੜਕੇ ਨੂੰ ਜਨਮ ਦਿੱਤਾ ਤੇ ਠੀਕ ਪੰਜ ਮਿੰਟ ਬਾਅਦ ਇਕ ਲੜਕੀ ਨੂੰ ਜਨਮ ਦਿੱਤਾ । ਡਿਲਵਰੀ ਦੀ ਇਸ ਪਰਿਕਿਰਿਆ ਦੌਰਾਨ ਐਂਬੂਲੈਂਸ ਪਾਇਲਟ ਪਰਮਜੀਤ ਸਿੰਘ ਨੇ ਐਂਬੂਲੈਂਸ ਚੱਲਦੀ ਰੱਖੀ ਤਾਂ ਕਿ ਜੱਚਾ ਅਤੇ ਬੱਚਿਆਂ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ ਜਾ ਸਕੇ। ਐਂਬੂਲੈਂਸ ਸਟਾਫ਼ ਵੱਲੋਂ ਮਾਤਾ ਅਤੇ ਦੋਨੋਂ ਬੱਚਿਆਂ ਨੂੰ ਸਹੀ ਸਲਾਮਤ ਮੈਡੀਕਲ ਹਸਪਤਾਲ ਫਰੀਦਕੋਟ ਦਾਖਲ ਕਰਵਾ ਦਿੱਤਾ ਗਿਆ ਹੈ। ਇੰਜ ਗਗਨਦੀਪ ਕੌਰ ਅਤੇ ਕੁਲਦੀਪ ਸਿੰਘ ਦਾ ਪਰਿਵਾਰ ਸੰਪੂਰਨ ਹੋ ਗਿਆ ਪਰ ਦੋਨੋਂ ਬੱਚਿਆਂ ਦਾ ਜਨਮ ਪੰਜਗਰਾਈਂ ਦੀ ਹਦੂਦ ਵਿਚ ਹੋਣ ਕਰਕੇ ਜ਼ਿਲਾ ਜ਼ਰੂਰ ਬਦਲ ਗਿਆ।