ਫਾਸਟ-ਵੇ ਕੇਬਲ ਵਾਲੇ ਸੈਟਅਪ ਬਾਕਸ ਦੇ ਵਸੂਲੇ ਪੈਸੇ ਰਿਫੰਡ ਕਰਨ : ਜਗਜੀਤ ਸਿੰਘ

ਮੋਗਾ, 3 ਨਵੰਬਰ (ਜਸ਼ਨ): : ਅਕਾਲੀ ਸਰਕਾਰ ਵੱਲੋਂ ਚਲਾਈ ਗਈ ਫਾਸਟ ਵੇ ਕੇਬਲ, ਜਿਸ ਨੂੰ ਲੋਕਾਂ ਨੇ ਨਕਾਰ ਦਿੱਤਾ ਸੀ, ਕਿਉਂਕਿ ਉਸ ਕੇਬਲ ਉੱਤੇ ਜਿਹੜਾ ਚੈਨਲ ਸਰਕਾਰ ਦੇ ਖਿਲਾਫ ਖ਼ਬਰਾਂ ਪ੍ਰਕਾਸ਼ਿਤ ਕਰਦਾ ਸੀ, ਉਸ ਚੈਨਲ ਨੂੰ ਬੰਦ ਕਰ ਦਿੱਤਾ ਜਾਂਦਾ ਸੀ, ਜੋ ਕਿ ਮੀਡੀਆ ਦੀ ਆਜ਼ਾਦੀ ’ਤੇ ਸਿੱਧੇ ਤੌਰ ’ਤੇ ਹਮਲਾ ਸੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਹੁਣ ਸਰਕਾਰ ਦੇ ਬਦਲਣ ਨਾਲ ਹੋਰ ਕੇਬਲ ਉਪਰੇਟਰ ਮਾਰਕੀਟ ਵਿੱਚ ਆ ਜਾਣ ’ਤੇ ਲੋਕਾਂ ਵੱਲੋਂ ਕੁਨੈਕਸ਼ਨ ਕਟਾਏ ਜਾ ਰਹੇ ਹਨ, ਪਰ ਫਾਸਟ-ਵੇ ਕੇਬਲ ਵਾਲੇ ਸੈਟਅਪ ਬਾਕਸ ਦੇ ਵਸੂਲੇ ਪੈਸੇ ਰਿਫੰਡ ਕਰਨ ਤੋਂ ਇਨਕਾਰੀ ਹੋ ਰਹੇ ਹਨ। ਜਦ ਕਿ ਇਹ ਸੈਟਅਪ ਬਾਕਸ ਫਾਸਟ-ਵੇ ਕੰਪਨੀ ਦਾ ਹੈ ਅਤੇ ਇਸ ਉਪਰ ਚਾਰਜ ਕੀਤੇ ਪੈਸੇ ਕੰਪਨੀ ਨੇ ਸੈਟਅਪ ਬਾਕਸ ਵਾਪਸ ਕਰਨ ’ਤੇ ਮੋੜਨੇ ਸਨ। ਪਰ ਕੇਬਲ ਉਪਰੇਟਰ ਵੱਲੋਂ ਪੈਸੇ ਮੋੜਨ ਦੀ ਬਜਾਏ ਬਹਾਨੇਬਾਜੀ ਦਾ ਸਹਾਰਾ ਲਿਆ ਜਾ ਰਿਹਾ ਹੈ। ਆਮ ਲੋਕ ਇਸ ਕੇਬਲ ਨੂੰ ਛੱਡਣ ਲਈ ਉਤਾਵਲੇ ਹਨ, ਪਰ ਇਨਾਂ ਦੇ ਮਾੜੇ ਵਤੀਰੇ ਤੋਂ ਲੋਕ ਪ੍ਰੇਸ਼ਾਨ ਹਨ, ਜਦਕਿ ਦੂਸਰੀ ਕੇਬਲ ਤੇ ਮਹੀਨਾਵਾਰ ਚਾਰਜ ਵੀ ਘੱਟ ਲਏ ਜਾ ਰਹੇ ਹਨ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਲੋਕਾਂ ਦੀ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਦੇ ਸ਼ੋਸ਼ਣ ਨੂੰ ਰੋਕੇ।