1984 ਦੇ ਸਿੱਖ ਕਤਲੇਆਮ ਵਿਰੁੱਧ ਪੀ.ਐਸ.ਯੂ. ਨੇ ਕੀਤੀ ਰੈਲੀ
ਮੋਗਾ, 3 ਨਵੰਬਰ (ਜਸ਼ਨ): : 1984 ਦੇ ਸਿੱਖ ਕਤਲੇਆਮ ਵਿਰੁੱਧ ਪੰਜਾਬ ਸਟੂਡੈਂਟਸ ਯੂਨੀਅਨ ਨੇ ਸੂਬਾ ਪੱਧਰੀ ਮੁਜ਼ਾਹਰਿਆਂ ਦੇ ਸੱਦੇ ’ਤੇ ਸਰਕਾਰੀ ਆਈ.ਟੀ.ਆਈ. ਵਿਖੇ ਵਿਦਿਆਰਥੀਆਂ ਦੀ ਰੈਲੀ ਕੀਤੀ ਗਈ। ਜਿਸ ਵਿਚ ਕਤਲੇਆਮ ਦੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਸਮੇਤ ਸਾਰੇ ਦੋਸ਼ੀਆਂ ਨੂੰ ਸ਼ਜਾਵਾਂ ਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਪੀ.ਐਸ.ਯੂ. ਦੇ ਸੂਬਾ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ 33 ਸਾਲ ਬੀਤ ਜਾਣ ਦੇ ਬਾਅਦ ਵੀ ਦੋਸ਼ੀਆਂ ਦਾ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦੇ ਫਿਰਨਾ, ਇਨਸਾਫ ਮੰਗਦੇ ਪੀੜਤਾਂ ਦਾ ਜਹਾਨ ਤੋਂ ਕੂਚ ਕਰ ਜਾਣਾ, ਇੱਥੋਂ ਦੀਆਂ ਲੋਕ ਦੋਖੀ ਅਦਾਲਤਾਂ, ਸੀ.ਬੀ.ਆਈ. ਅਤੇ ਸਮੇਂ-ਸਮੇਂ ’ਤੇ ਬਣੇ ਕਮਿਸ਼ਨਾਂ ਨੂੰ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਝੀ ਚਾਲ ਨੂੰ ਬਿਆਨ ਕਰ ਰਿਹਾ ਹੈ। ਉਨਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਾਉਣਾ ਕਿਸੇ ਸਮੇਂ ਕਾਂਗਰਸ ਦਾ ਲੁਕਵਾਂ ਤੇ ਹੁਣ ਕਾਂਗਰਸ ਤੇ ਭਾਜਪਾ ਦੋਹਾਂ ਦਾ ਐਲਾਨੀਆ ਵੋਟ ਰਾਜਨੀਤੀ ਦਾ ਏਜੰਡਾ ਹੈ। ਹਿੰਦੂ ਫਿਰਕੂ ਫਾਸ਼ੀ ਭਾਜਪਾ ਸਰਕਾਰ ਦੇ ਰਾਜ ਵਿਚ ਮੁਸਲਿਮ ਆਬਾਦੀ, ਬਰਮਾ ਵਿਚ ਬਹੁ-ਗਿਣਤੀ ਬੋਧੀਆਂ ਹੱਥੋਂ ਰੋਹਿੰਗਿਆ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਪੀ.ਐਸ.ਯੂ. ਦੇ ਆਗੂ ਸੰਦੀਪ ਸਿੰਘ, ਚੰਦਨ ਸਿੰਘ ਨੇ ਦੱਸਿਆ ਕਿ ਸਿੱਖ ਕਤਲੇਆਮ ਤੋਂ ਬਾਅਦ ਕਾਂਗਰਸ ਬਹੁਮਤ ਲੈ ਕੇ ਸੱਤਾ ਵਿਚ ਆਈ, ਮੋਦੀ ਵੀ ਅੱਜ ਦੀ ਘੜੀ ਵਿਚ ਘੱਟ ਗਿਣਤੀਆਂ ਤੇ ਜਬਰ ਕਰਕੇ ਬਹੁ-ਗਿਣਤੀ ਹਿੰਦੂ ਵੋਟ ਨੂੰ ਕੈਸ਼ ਕਰ ਰਿਹਾ ਹੈ, ਮੁਸਲਮਾਨਾਂ ਵਿਰੁੱਧ ਲਵ-ਜੇਹਾਦ, ਧਰਮ ਪਰਿਵਰਤਨ, ਗੳੂ ਪੂਜਾ ਦਾ ਹੋ-ਹੱਲਾ ਇਸ ਦੀਆਂ ਤਾਜਾ ਤਰੀਨ ਉਦਾਹਰਨਾਂ ਹਨ। ਉਨਾਂ ਕਿਹਾ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਸਮੇਤ ਸਾਰੇ ਦੋਸ਼ੀਆਂ, ਸਜ਼ਾ ਦੇਣ ’ਚ ਦੇਰੀ ਕਰਨ ਦੇ ਕਸੂਰਵਾਰ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਖਿਲਾਫ ਇੱਕਜੁੱਟ ਹੋ ਕੇ ਸ਼ਜਾਵਾਂ ਦਿਵਾਉਣ ਦੀ ਮੰਗ ਕਰਨੀ ਚਾਹੀਦੀ ਹੈ। ਇਸ ਮੌਕੇ ਨਵਦੀਪ ਖੋਸਾ, ਹਿੰਮਤ ਸਿੰਘ, ਹਰਮਨ ਝਤਰਾ, ਦਿਲਮੇਲ ਸਿੰਘ, ਲਵੀ ਧਰਮਕੋਟ, ਈਸ਼ਵਰ ਬਰਾੜ, ਹੈਰੀ ਬੁੱਘੀਪੁਰਾ, ਹੈਪੀ ਝਤਰਾ ਆਦਿ ਹਾਜਰ ਸਨ।