ਮੁੱਖ ਮੰਤਰੀ ਨੇ ਪਸ਼ੂ ਧਨ ਉਤਪਾਦ ਨਿਰਯਾਤ ਵਿਕਾਸ ਅਥਾਰਟੀ ਦੇ ਗਠਨ ਲਈ ਸੁਰੇਸ਼ ਪ੍ਰਭੂ ਨੂੰ ਲਿਖਿਆ ਪੱਤਰ
ਚੰਡੀਗੜ, 3 ਨਵੰਬਰ:(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਸ਼ੂ ਧਨ ਉਤਪਾਦ ਬਰਾਮਦ ਵਿਕਾਸ ਅਥਾਰਟੀ (ਐਲ.ਪੀ.ਈ.ਡੀ.ਏ) ਦਾ ਗਠਨ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪਸ਼ੂ ਉਤਪਾਦ ਖੇਤਰ ਦੇ ਵਿਆਪਕ ਵਿਕਾਸ ’ਤੇ ਕੇਂਦਰਤ ਹੋਣ ਦੇ ਨਾਲ ਨਾਲ ਇਸ ਦੀ ਅਥਾਹ ਬਰਾਮਦ ਸਮਰੱਥਾ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। ਮੁੱਖ ਮੰਤਰੀ ਨੇ ਕੇਂਦਰੀ ਵਣਜ ਮੰਤਰੀ ਸੁਰੇਸ਼ ਪ੍ਰਭੂ ਨੂੰ ਲਿਖੇ ਪੱਤਰ ਵਿਚ ਆਖਿਆ ਕਿ ਅਜਿਹੀ ਅਥਾਰਟੀ ਦੀ ਸਥਾਪਨਾ ਹੋਣ ਨਾਲ ਵਿਸ਼ਵ ਦੀ ਵਧ ਰਹੀ ਆਬਾਦੀ ਦੀ ਭੋਜਨ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੇ ਉਤਪਾਦ ਮੁਹੱਈਆ ਕਰਵਾਉਣ ਵਿਚ ਸਹਾਇਤਾ ਮਿਲੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸ ਤਰਾਂ ਦੀ ਅਥਾਰਟੀ ਇਸ ਖੇਤਰ ਨੂੰ ਮੌਜੂਦਾ ਸਮੇਂ ਵਿਚ ਵਿਘਨ ਪਾਉਂਦੀਆਂ ਤਕਨੀਕੀ ਬੰਦਿਸ਼ਾਂ ਨੂੰ ਹੱਲ ਕਰਨ ਦੇ ਯੋਗ ਬਣਾਵੇਗੀ ਅਤੇ ਵਿਸ਼ਵ ਪੱਧਰੀ ਉਤਪਾਦਾਂ ਨੂੰ ਮੁਹੱਈਆ ਕਰਵਾਉਣ ਅਤੇ ਕੌਮਾਂਤਰੀ ਮੰਡੀ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੇ ਸਮਰੱਥ ਵੀ ਬਣਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪਲਾਂਟ ਦੇ ਖੇਤਰ ਵਿਚ ਪਹਿਲਾਂ ਹੀ ਕਈ ਅਜਿਹੀਆਂ ਅਥਾਰਟੀਆਂ ਹਨ ਪਰ ਭਾਰਤ ਵਿਚ ਪਸ਼ੂ ਧਨ ਖੇਤਰ ਵਿਚ ਅਜਿਹੇ ਵਪਾਰ ਨੂੰ ਉਤਸ਼ਾਹਤ ਕਰਨ ਦੀ ਕਮੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੁਲਕ ਵਿਚ ਪਸ਼ੂ ਧਨ ਸੈਕਟਰ ਜੀ.ਡੀ.ਪੀ ਦਾ 4.11 ਫੀਸਦੀ ਅਤੇ ਖੇਤੀਬਾੜੀ ਦੇ ਕੁੱਲ ਜੀ.ਡੀ.ਪੀ ਦਾ 25.6 ਫੀਸਦੀ ਹਿੱਸਾ ਹੈ ਜਦਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦਾ ਉਤਪਾਦਨ ਮੁੱਲ 29 ਫੀਸਦੀ ਹੈ। ਇਸ ਦੀ ਵਿਕਾਸ ਦਰ ਫਸਲ ਖੇਤਰ ਨਾਲੋਂ ਕਿਤੇ ਵੱਧ ਹੈ। ਉਨਾਂ ਦੱਸਿਆ ਕਿ ਪਸ਼ੂ ਧਨ ਕਿਸਾਨਾਂ ਦੀ ਆਰਥਿਕਤਾ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਕਿਉਂ ਜੋ ਇਹ ਕਿਸਾਨਾਂ ਨੂੰ ਸਥਾਈ ਆਮਦਨ, ਰੁਜ਼ਗਾਰ, ਭੋਜਨ ਅਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ। ਲਗਭਗ 20.5 ਮਿਲੀਅਨ ਲੋਕ ਜੋ ਮੁਲਕ ਦੀ ਆਬਾਦੀ ਦੀ 8.8 ਫੀਸਦੀ ਅਤੇ ਪੇਂਡੂ ਆਬਾਦੀ ਦਾ ਲਗਭਗ ਦੋ ਤਿਹਾਈ ਦੀ ਨੁਮਾਇੰਦਗੀ ਕਰਦੇ ਹਨ, ਆਪਣਾ ਜੀਵਨ ਬਸਰ ਕਰਨ ਲਈ ਪਸ਼ੂ ਧਨ ਖੇਤਰ ’ਤੇ ਨਿਰਭਰ ਕਰਦੇ ਹਨ। ਮੁਲਕ ਵਿਚ ਪਸ਼ੂਆਂ ਦੀ ਗਿਣਤੀ ਦੁਨੀਆਂ ਭਰ ਵਿਚ ਸਭ ਤੋਂ ਵੱਧ ਹੈ ਅਤੇ ਇਸ ਤੋਂ ਇਲਾਵਾ ਬੱਕਰੀਆਂ ਅਤੇ ਭੇਡਾਂ ਵਿਚ ਵੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਆਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਦੁੱਧ ਦੀ ਪੈਦਾਵਾਰ ਵਿਚ ਦੁਨੀਆਂ ’ਚ ਭਾਰਤ ਪਹਿਲਾ ਅਤੇ ਅੰਡਿਆਂ ਦੀ ਪੈਦਾਵਾਰ ’ਚ ਤੀਜੇ ਸਥਾਨ ’ਤੇ ਹੈ। ਮੁੱਖ ਮੰਤਰੀ ਨੇ ਪਸ਼ੂ ਧਨ ਸੈਕਟਰ ਨੂੰ ਉਤਸ਼ਾਹਤ ਕਰਨ ਦੀ ਮਹੱਤਤਾ ਦੱਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪਸ਼ੂ ਧਨ ਉਤਪਾਦ ਨੂੰ ਪਹਿਲ ਦੇ ਅਧਾਰ ’ਤੇ ਬਰਾਮਦ ਕੀਤੇ ਜਾਣ ਦੀ ਲੋੜ ਹੈ ਜਿਸ ਨਾਲ ਕੀਮਤੀ ਵਿਦੇਸ਼ੀ ਮੁਦਰਾ ਕਮਾਈ ਵਧੇਗੀ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਭਾਰਤ ਸਰਕਾਰ ਦੇ ਟੀਚੇ ਨੂੰ ਵੀ ਪੂਰਾ ਕੀਤਾ ਜਾ ਸਕੇਗਾ।