ਸੈਕਰਡ ਹਾਰਟ ਸਕੂਲ ਮੋਗਾ ਵਿਖੇ ਪ੍ਰਬੰਧਕਾਂ ਅਤੇ ਸਟਾਫ ਨੇ ਮਨਾਇਆ ਕਾਲਾ ਦਿਵਸ
ਮੋਗਾ,2 ਨਵੰਬਰ (ਜਸ਼ਨ)-ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਏ ਦਿਨ ਨਿੱਜੀ ਸਕੂਲਾਂ ਲਈ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੇ ਮੱਦ-ਏ ਨਜ਼ਰ ਸੈਕਰਡ ਹਾਰਟ ਸਕੂਲ ਮੋਗਾ ਵਿਚ ਅੱਜ ਪ੍ਰਬੰਧਕਾਂ ਅਤੇ ਸਟਾਫ ਨੇ ਕਾਲਾ ਦਿਵਸ ਮਨਾਇਆ । ਸਕੂਲ ਪਿ੍ਰੰਸੀਪਲ ਸ਼੍ਰੀਮਤੀ ਵਿਜਯਾ ਜ਼ੇਬਾ ਕੁਮਾਰ ਅਤੇ ਸਮੂਹ ਸਟਾਫ਼ ਨੇ ਕਾਲੀਆਂ ਪੱਟੀਆਂ ਬੰਨ ਕੇ ਸਰਕਾਰ ਦੀਆਂ ਕਥਿਤ ਤਾਨਾਸ਼ਾਹੀ ਨੀਤੀਆਂ ਵਿਰੁੱਧ ਰੋਸ ਪ੍ਰਗਟ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਏ ਦਿਨ ਜਾਰੀ ਕੀਤੀਆਂ ਜਾ ਰਹੀਆਂ ਨਵੀਆਂ ਹਦਾਇਤਾਂ ਮੁਤਾਬਕ ਸਾਰੇ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਅਤੇ ਸਾਈਕੋਸਟਿਰਕ ਟੈਸਟ ਆਦਿ ਲਈ ਦਬਾਅ ਪਾਇਆ ਜਾ ਰਿਹਾ ਹੈ ਤੇ ਇੰਜ ਨਿੱਜੀ ਸਕੂਲਾਂ ਦੇ ਵਿਰੁੱਧ ਨਵੇਂ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ । ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਦਾ ਮਨੋਬਲ ਉੱਚਾ ਚੁੱਕਣ ਲਈ ਠੋਸ ਸਿੱਖਿਆ ਨੀਤੀਆਂ ਅਪਨਾਉਣੀਆਂ ਚਾਹੀਦੀਆਂ ਹਨ ਤਾਂ ਕਿ ਨਿੱਜੀ ਸਕੂਲ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਵਿਚ ਅਹਿਮ ਯੋਗਦਾਨ ਪਾ ਸਕਣ । ਉਹਨਾਂ ਕਿਹਾ ਕਿ ਸਰਕਾਰ ਦੀਆਂ ਇਨਾਂ ਨੀਤੀਆਂ ਵਿਰੁੱਧ ਹੀ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ 15 ਦਿਨਾ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਕੜੀ ਤਹਿਤ ਹੀ ਸੈਕਰਡ ਹਾਰਟ ਸਕੂਲ ਵੱਲੋਂ ਅੱਜ ਕਾਲਾ ਦਿਵਸ ਮਨਾਇਆ ਗਿਆ ਹੈ। ਇਸ ਮੌਕੇ ਤੇ ਸਟਾਫ ਦੀ ਮਾਨਸਿਕ ਜਾਂਚ ਅਤੇ ਜਾਣਕਾਰੀ ਦੀ ਸ਼ਰਤ ਵਾਪਿਸ ਲੈਣ ਅਤੇ ਪੰਜ ਤੋਂ ਦਸ ਸਾਲ ਤੱਕ ਪੜਾਉਣ ਵਾਲੇ ਅਧਿਆਪਕਾਂ ਨੂੰ ਟਰੇਂਡ ਐਲਾਨੇ ਜਾਣ ਦੀ ਮੰਗ ਕੀਤੀ ਗਈ ਤਾਂ ਕਿ ਸਰਕਾਰ ਦੀਆਂ ਇਸ ਤਰਾਂ ਦੀਆਂ ਹਦਾਇਤਾਂ ਕਾਰਨ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਨਾ ਹੋਵੇ।