ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਤਿੰਨ ਨਵੰਬਰ ਨੂੰ ਲੁਧਿਆਣਾ ਵਿਖੇ ਮਹਿਲਾਵਾਂ ਲਈ ਵਿਸ਼ੇਸ਼ ਨੌਕਰੀ ਮੇਲਾ
* ਟੈਕਸਟਾਇਲ ਡਿਜਾਇਨਿੰਗ, ਨਿਟਿੰਗ ਅਤੇ ਟੇਲਰਿੰਗ ਆਦਿ ਦੇ ਖੇਤਰਾਂ ਵਿੱਚ 3400 ਮਹਿਲਾ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ
ਚੰਡੀਗੜ, 1 ਨਵੰਬਰ(ਜਸ਼ਨ) -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਘਰ-ਘਰ ਰੋਜ਼ਗਾਰ’ ਸਕੀਮ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਤਿੰਨ ਨਵੰਬਰ ਨੂੰ ਲੁਧਿਆਣਾ ਵਿਖੇ 3400 ਮਹਿਲਾਵਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਵਾਸਤੇ ਵਿਸ਼ੇਸ਼ ਨੌਕਰੀ ਮੇਲਾ ਲਾਉਣ ਦਾ ਫੈਸਲਾ ਕੀਤਾ ਹੈ। ਅੱਜ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਹਿਲਾਵਾਂ ਬਾਰੇ ਰੋਜ਼ਗਾਰ ਮੇਲਾ ਜ਼ਿਲਾ ਇੰਡਸਟਰੀਅਲ ਸੈਂਟਰ ਲੁਧਿਆਣਾ ਵਿਖੇ ਆਯੋਜਿਤ ਕਰਾਇਆ ਜਾਵੇਗਾ। ਇਸ ਵਿੱਚ ਟੈਕਸਟਾਇਲ ਡਿਜਾਇਨਿੰਗ, ਨਿਟਿੰਗ ਅਤੇ ਟੇਲਰਿੰਗ ਆਦਿ ਦੇ ਖੇਤਰਾਂ ਵਿੱਚ ਮਹਿਲਾ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਜਾਵੇਗਾ। ਆਪਣੇ ਪੈਰਾਂ ’ਤੇ ਯੋਗਤਾ ਪ੍ਰਾਪਤ ਮੁਟਿਆਰਾਂ ਨੂੰ ਖੜੇ ਹੋਣ ਦਾ ਮੌਕਾ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਇਹ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਕਾਲਜਾਂ, ਤਕਨੀਕੀ ਅਤੇ ਸਿੱਖਿਆ ਸੰਸਥਾਵਾਂ ਤੋਂ ਪਾਸ ਹੋਈਆਂ ਵਿਦਿਆਰਥਣਾਂ ਇਸ ਵਿੱਚ ਲਾਭ ਉਠਾ ਸਕਦੀਆਂ ਹਨ। ਬੁਲਾਰੇ ਅਨੁਸਾਰ ਹੌਜ਼ਰੀ ਅਤੇ ਅਪੈਰਲ ਦਾ ਉਤਪਾਦਨ ਕਰਨ ਵਾਲੇ ਖੇਤਰਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਅਤੇ ਇਕਾਈਆਂ ਵੱਲੋਂ ਇਸ ਮੇਲੇ ਵਿੱਚ ਪਹੁੰਚਣ ਦੀ ਉਮੀਦ ਹੈ। ‘ਘਰ-ਘਰ ਰੋਜ਼ਗਾਰ’ ਸਕੀਮ ਦੇ ਹਿੱਸੇ ਵਜੋਂ ਸੂਬਾ ਸਰਕਾਰ ਨੇ ਵਿਸ਼ੇਸ਼ ਰੋਜ਼ਗਾਰ ਮੁਹਿੰਮ ਸ਼ੁਰੂ ਕੀਤੀ ਹੈ। ਪਿਛਲੇ ਪੰਜ ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਵਿਖੇ ਇਕ ਰੋਜ਼ਗਾਰ ਮੇਲੇ ਦੌਰਾਨ ਖੁਦ 25 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਸਨ। ਇਸ ਮੇਲੇ ਵਿੱਚ ਕੁੱਲ 27000 ਨਿਯੁਕਤੀ ਪੱਤਰ ਦਿੱਤੇ ਗਏ ਸਨ ਜਿਨਾਂ ਵਿੱਚ 3000 ਸਰਕਾਰੀ ਅਸਾਮੀਆਂ ਵੀ ਸਨ। ਸਨਅਤੀ ਵਿਭਾਗ ਦੇ ਸਹਿਯੋਗ ਨਾਲ ਰੋਜ਼ਗਾਰ ਪੈਦਾ ਕਰਨ ਵਾਲੇ ਵਿਭਾਗ ਵੱਲੋਂ 11 ਅਕਤੂਬਰ 2017 ਨੂੰ ਮੋਹਾਲੀ, ਲੁਧਿਆਣਾ, ਜਲੰਧਰ ਅਤੇ ਅੰਮਿ੍ਰਤਸਰ ਵਿਖੇ ਚਾਰ ਨੌਕਰੀ ਮੇਲੇ ਅਯੋਜਿਤ ਕੀਤੇ ਗਏ ਸਨ ਅਤੇ 30 ਅਕਤੂਬਰ 2017 ਤੱਕ 10,207 ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਨ ਵਾਸਤੇ ‘ਘਰ-ਘਰ ਰੋਜ਼ਗਾਰ’ ਸਕੀਮ ਹੇਠ 2.63 ਲੱਖ ਨੌਕਰੀਆਂ ਪੈਦਾ ਕਰਨ ਲਈ 34 ਸਹਿਮਤੀ ਪੱਤਰਾਂ ’ਤੇ ਹਸਤਾਖਰ ਕੀਤੇ ਹਨ। ਬੁਲਾਰੇ ਅਨੁਸਾਰ ਇਸ ਤਰਾਂ ਦੇ ਹੋਰ ਵੀ ਸਮਝੌਤੇ ਕੀਤੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਉਦਯੋਗ ਅਤੇ ਕਮਰਸ ਵਿਭਾਗ ਵੱਖ-ਵੱਖ ਉਦਯੋਗਾਂ ਅਤੇ ਐਸ.ਸੀ.ਆਈ.ਆਈ., ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ (ਮੋਹਾਲੀ), ਐਸੋਚਮ, ਪੀ.ਐਚ.ਡੀ.ਸੀ.ਸੀ.ਆਈ. ਆਦਿ ਸਣੇ ਸਨਅਤੀ ਸੰਸਥਾਵਾਂ ਦੇ ਨਾਲ ਮਿਲ ਕੇ ਕਾਰਜ ਕਰ ਰਿਹਾ ਹੈ ਤਾਂ ਜੋ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਜਾ ਸਕੇ। ਰੋਜ਼ਗਾਰ ਪੈਦਾ ਕਰਨ ਅਤੇ ਸਿਖਲਾਈ ਵਿਭਾਗ ਨੇ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਦੇ ਵਾਸਤੇ ਰੋਜ਼ਗਾਰ ਪੈਦਾ ਕਰਨ ਦੇ ਲਈ ਔਲਾ ਅਤੇ ਉਬਰ ਨਾਲ ਸਮਝੌਤਿਆਂ ’ਤੇ ਸਹੀ ਪਾਈ ਹੈ।