ਗੈਂਗਸਟਰ ਗਗਨਾ ਹਠੂਰ ਦੇ ਚਾਰ ਸਾਥੀ ਗਰਿਫਤਾਰ ,ਇੱਕ ਪਿਸਤੌਲ ਅਤੇ ਦੋ 12 ਬੋਰ ਦੀਆਂ ਬੰਦੂਕਾਂ ਬਰਾਮਦ
ਮੋਗਾ,31ਅਕਤੂਬਰ (ਜਸ਼ਨ)-ਗੈਂਗਸਟਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਮੋਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਗੈਂਗਸਟਰ ਗਗਨਾ ਹਠੂਰ ਦੇ ਚਾਰ ਸਾਥੀਆਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇਹਨਾਂ ਗੈਂਗਸਟਰਾਂ ਤੋਂ ਇੱਕ ਪਿਸਤੌਲ 32 ਬੋਰ ਦੇਸੀ, ਦੋ 12 ਬੋਰ ਦੀਆਂ ਬੰਦੂਕਾਂ ਅਤੇ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ । ਅੱਜ ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀ.ਐਸ.ਪੀ. (ਆਈ) ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸਪੈਸ਼ਲ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਦੌਧਰ ਦੇ ਬੇਆਬਾਦ ਨਹਿਰੀ ਰੈਸਟ ਹਾਊਸ ਵਿਚ ਕੁਝ ਨੌਜਵਾਨ ਅਸਲੇ ਸਮੇਤ ਕਿਸੇ ਘਟਨਾਂ ਨੂੰ ਅੰਜਾਮ ਦੇਣ ਦੀ ਵਿਓਂਤ ਬਣਾ ਰਹੇ ਹਨ ,ਜਿਸ ’ਤੇ ਪੁਲਿਸ ਨੇ ਛਾਪੇਮਾਰੀ ਕਰਕੇ ਰੁਪਿੰਦਰ ਸਿੰਘ ਉਰਫ਼ ਰਿੱਕੀ ਵਾਸੀ ਲੱਖਾ, ਜੱਗਾ ਸਿੰਘ ਵਾਸੀ ਬੁੱਟਰ ਕਲਾਂ, ਅਤਿੰਦਰਪਾਲ ਸਿੰਘ ਉਰਫ਼ ਪੀਟਰ ਵਾਸੀ ਬੁੱਟਰ ਕਲਾਂ ਅਤੇ ਮਨਦੀਪ ਸਿੰਘ ਉਰਫ਼ ਲਾਡੀ ਵਾਸੀ ਮਾਛੀਕੇ ਨੂੰ ਅਸਲੇ ਸਮੇਤ ਕਾਬੂ ਕਰ ਲਿਆ ਜਦ ਕਿ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਅਤੇ ਪਲਵਿੰਦਰ ਸਿੰਘ ਉਰਫ਼ ਪਿੰਦਾ ਮੌਕੇ ਤੋਂ ਫ਼ਰਾਰ ਹੋ ਗਏ। ਫਰਾਰ ਵਿਅਕਤੀਆਂ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੜੇ ਗਏ ਰੁਪਿੰਦਰ ਸਿੰਘ ਉਰਫ਼ ਰਿੱਕੀ ਨੇ ਮੰਨਿਆ ਕਿ 27 ਜਨਵਰੀ 2017 ਨੂੰ ਗੈਂਗਸਟਰ ਕੁਲਦੀਪ ਸਿੰਘ ਉਰਫ਼ ਕੀਪਾ ਵਾਸੀ ਬੱਧਨੀ ਕਲਾਂ ਦੇ ਕਤਲ ਸਮੇਂ ਉਹ ਗੈਂਗਸਟਰ ਗਗਨਾ ਹਠੂਰ, ਨਵੀ ਬੁੱਟਰ ਅਤੇ ਹਨੀ ਸਿੰਘ ਵਾਸੀ ਬੁੱਟਰ ਕਲਾਂ ਨਾਲ ਸ਼ਾਮਲ ਸੀ। ਇਸ ਮੌਕੇ ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਨਾਲ ਵਜ਼ੀਰ ਸਿੰਘ ਖਹਿਰਾ ਐਸ.ਪੀ. (ਆਈ), ਸਰਬਜੀਤ ਸਿੰਘ ਬਾਹੀਆ ਡੀ.ਐਸ.ਪੀ. (ਆਈ), ਕਿੱਕਰ ਸਿੰਘ ਇੰਸਪੈਕਟਰ ਸਪੈਸ਼ਲ ਸਟਾਫ਼ ਅਤੇ ਐਸ.ਐਚ.ਓ. ਭੁਪਿੰਦਰ ਕੌਰ ਥਾਣਾ ਬੱਧਨੀ ਕਲਾਂ ਵੀ ਹਾਜ਼ਰ ਸਨ।