ਠੱਠੀ ਭਾਈ ਬੰਬੀਹਾ ਲਿੰਕ ਸੜਕ ‘ਤੇ ਵਾਪਰੇ ਭਿਆਨਕ ਹਾਦਸੇ ‘ਚ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਦੀ ਮੌਤ, 5 ਜ਼ਖ਼ਮੀ

ਬਾਘਾਪੁਰਾਣਾ/ਸਮਾਲਸਰ,31 ਅਕਤੂਬਰ (ਜਸਵੰਤ ਗਿੱਲ)-ਨਜ਼ਦੀਕੀ ਪਿੰਡ ਠੱਠੀ ਬਾਈ ਬੰਬੀਹਾ ਲਿੰਕ ਸੜਕ ‘ਤੇ ਕਾਰ ਅਤੇ ਮੋਟਰਸਾਈਕਲ ਦਰਮਿਆਨ  ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ  ਜਦਕਿ 5 ਵਿਅਕਤੀ ਜਖਮੀ ਹੋ ਗਏ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਤਕਰੀਬਨ 9 ਵਜੇ ਪਿੰਡ ਠੱਠੀ ਭਾਈ ਤੋਂ ਬੰਬੀਹਾ ਭਾਈ ਨੂੰ ਜਾਂਦੀ ਲਿੰਕ ਸੜਕ ‘ਤੇ ਮੋਟਰਸਾਇਕਲ ਨੰਬਰ.ਪੀਬੀ 29 ਡਬਲਯੂ 3836 ‘ਤੇ ਸਵਾਰ ਦੋ ਨੌਜਵਾਨ ਸੜਕ ਕਿਨਾਰੇ ਖੜੇ ਹੋਏ ਸਨ ਕਿ ਬੰਬੀਹਾ ਭਾਈ ਤੋਂ ਠੱਠੀ ਵੱਲ ਨੂੰ ਆ ਰਹੀ ਤੇਜ ਰਫਤਾਰ ਸਵਿਫਟ ਗੱਡੀ ਨੰਬਰ.ਪੀਬੀ 29 ਪੀ 7050 ਨੇ ਮੋਟਰਸਾਇਕਲ ਨੂੰ ਜ਼ੋਰਦਾਰ ਟੱਕਰ ਮਾਰੀ। ਇਸ ਟੱਕਰ ਵਿੱਚ ਮੋਟਰਸਾਇਕਲ ਸਵਾਰ ਗੁਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਾੜੀ ਮੁਸਤਫਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਵਿੱਕੀ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਨੱਥੂਵਾਲਾ ਗਰਬੀ ਨੂੰ ਜਖਮੀ ਹਾਲਤ ਵਿੱਚ ਫਰੀਦਕੋਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਜਖਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ। ਮਿ੍ਰਤਕ ਗੁਰਵਿੰਦਰ ਸਿੰਘ ਦੇ ਪਿਤਾ ਗੁਰਜੰਟ ਸਿੰਘ ਅਤੇ ਦੋਸਤ ਬੇਅੰਤ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਤੇ ਵਿੱਕੀ ਕਿਸੇ ਬੱਸ ਵਾਲੇ ਨੂੰ ਸਮਾਨ ਫੜਾਉਣ ਲਈ ਪਿੰਡ ਤੋਂ ਜਾ ਰਹੇ ਸਨ ਤੇ ਠੰਢ ਹੋਣ ਕਰਕੇ ਰਾਸਤੇ ਵਿੱਚ ਰੁਕ ਗਏ ਜਿੱਥੇ ਕਿ ਇਹ ਹਾਦਸਾ ਵਾਪਰ ਗਿਆ। ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਗੱਡੀ ਦੀ ਰਫਤਾਰ ਤੇਜ ਹੋਣ ਕਰਕੇ ਹੀ ਹਾਦਸਾ ਵਾਪਰਿਆ ਹੈ,ਗੱਡੀ ਦੂਰ ਤੱਕ ਮੋਟਰਸਾਇਕਲ ਨੂੰ ਧੂਹ ਕੇ ਲੈ ਗਈ ਅਤੇ ਗੱਡੀ ਅਨੇਕਾਂ ਟਾਪੂ ਲਾ ਕੇ ਖੇਤ ਵਿੱਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਦਿਆ ਥਾਣਾ ਸਮਾਲਸਰ ਦੇ ਮੁੱਖ ਅਫਸਰ ਮੇਜਰ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਿਤ੍ਰਕ ਮੋਟਰਸਾਈਕਲ  ਸਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦੋਨੋਂ ਮੋਟਰਸਾਈਕਲ ਸਵਾਰ ਸੜਕ ਕਿਨਾਰੇ ਰੁੱਕ ਕੇ ਠੰਡ ਹੋਣ ਕਰਕੇ ਸਿਗਰਟ ਪੀ ਰਹੇ ਸਨ ਜਿਸ ਦੌਰਾਨ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਕਾਰ ਦੂਰ ਤੱਕ ਖੇਤਾਂ ਵਿਚ  ਮੋਟਰਸਾਈਕਲ ਅਤੇ ਸਵਾਰਾਂ ਨੂੰ ਘੜੀਸ ਕੇ ਲੈ  ਗਈ ਅਤੇ ਕਾਰ ਦੀਆਂ ਕਈ ਪਲਟੀਆਂ ਵੱਜਣ ਤੋਂ ਵੀ ਸਪੱਸ਼ਟ ਹੈ ਕਿ ਡਰਾਇਵਰ ਰੈਸ਼ ਗੱਡੀ ਚਲਾ ਰਿਹਾ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਨ ਵਿਚ ਕੀਤੀ ਜਾ ਰਹੀ ਆਨਾਕਾਨੀ ਦੇ ਚੱਲਦਿਆਂ ਪਰਿਵਾਰਕ ਮੈਂਬਰਾਂ ਨੇ ਸਮਾਲਸਰ ਥਾਣੇ ਅੱਗੇ ਧਰਨਾ ਲਾਇਆ ਤੇ ਫਿਰ ਦੇਰ ਸ਼ਾਮ ਪੁਲਿਸ ਨੇ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ।