ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿਧਾਇਕਾਂ ਦੀਆਂ ਕੋਠੀਆਂ ਅੱਗੇ ਲਾਉਣਗੀਆਂ ਪੱਕੇ ਮੋਰਚੇ : ਸੂਬਾ ਪ੍ਰਧਾਨ ਸਰੋਜ ਛਪੜੀਵਾਲਾ
ਮੋਗਾ, 30 ਅਕਤੂਬਰ (ਜਸ਼ਨ): ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਵਲੋਂ ਅੱਜ ਐਗਜੈਕਟਿਵ ਕਮੇਟੀ ਦੀ ਮੀਟਿੰਗ ਸੂਬਾ ਡਿਪਟੀ ਸਕੱਤਰ ਬਲਵਿੰਦਰ ਕੌਰ ਖੋਸਾ ਦੀ ਪ੍ਰਧਾਨਗੀ ਹੇਠ ਕੀਤੀ। ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਤੇ ਸੂਬਾ ਜਨਰਲ ਸਕੱਤਰ ਸੁਨੀਲ ਕੌਰ ਬੇਦੀ ਨੇ ਕਿਹਾ ਕਿ ਜਥੇਬੰਦੀ ਵਲੋਂ ਐਮ.ਐਲ.ਏਜ਼ ਨੂੰ ਮੰਗ ਪੱਤਰ ਦਿੱਤੇ ਗਏ ਹਨ, ਤੇ ਹਰ ਐਮ.ਐਲ.ਏ ਨੇ 30 ਅਕਤੂਬਰ ਤੱਕ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਾਉਣ ਦਾ ਸਮਾਂ ਦਿੱਤਾ ਸੀ ਪਰ ਅਜੇ ਤੱਕ ਕਿਸੇ ਐਮ.ਐਲ.ਏ. ਨੇ ਪੈਨਲ ਮੀਟਿੰਗ ਦਾ ਸਮਾਂ ਨਹੀਂ ਦੱਸਿਆ, ਜਿਸਦੇ ਰੋਸ ਵਜ਼ੋਂ ਇੱਕ ਨਵੰਬਰ ਤੋਂ 20 ਨਵੰਬਰ ਤੱਕ ਐਮ.ਐਲ.ਏ. ਜੋ ਕਾਂਗਰਸ ਦੇ ਹਨ ਉਨਾਂ ਦੀਆਂ ਕੋਠੀਆਂ ਸਾਹਮਣੇ ਪੱਕੇ ਮੋਰਚੇ ਲਾਏ ਜਾਣਗੇ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੰਗ ਹੈ ਕਿ 3 ਤੋਂ 6 ਸਾਲ ਤੱਕ ਦੇ ਬੱਚੇ ਆਂਗਣਵਾੜੀ ਸੈਂਟਰਾਂ ਨੂੰ ਹੀ ਦਿੱਤੇ ਜਾਣ। ਮੀਟਿੰਗ ਵਿਚ ਸੂਬਾ ਸਕੱਤਰ ਪਿਆਰ ਕੌਰ ਜੀਰਾ, ਸੂਬਾ ਮੀਤ ਪ੍ਰਧਾਨ ਛਿੰਦਰ ਕੌਰ, ਸੂਬਾ ਸਕੱਤਰ ਗੁਰਪ੍ਰੀਤ ਕੌਰ, ਸੂਬਾ ਵਿੱਤ ਸਕੱਤਰ ਗੁਰਚਰਨ ਕੌਰ ਮੋਗਾ ਹਾਜ਼ਰ ਸਨ।