ਵਿਕਾਸ ਕੰਮਾਂ ਨੂੰ ਕਾਂਗਰਸ ਸਰਕਾਰ ਨੇ ਲਗਾਈ ਬਰੇਕ : ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ

ਮੋਗਾ, 28 ਅਕਤੂਬਰ (ਜਸ਼ਨ) : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਵੱਲੋਂ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਅਧੂਰੀ ਪਈ ਜੱਚਾ-ਬੱਚਾ ਵਾਰਡ ਦੀ ਬਿਲਡਿੰਗ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਦੱਸਿਆ ਕਿ ਇਸ ਬਿਲਡਿੰਗ ਦਾ ਕਰੋੜਾਂ ਰੁਪਏ ਦਾ ਬਜਟ ਸੀ, ਪਰ ਅੱਜ ਤਰਾਸਦੀ ਇਹ ਹੈ ਕਿ ਬਿਲਡਿੰਗ ਬਣਾਉਣ ਵਾਲੇ ਠੇਕੇਦਾਰ ਰੇਤਾ ਨੂੰ ਤਰਸ ਰਹੇ ਹਨ। ਸ. ਬਰਾੜ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਸਰਕਾਰ ਦੇ ਮੌਜੂਦਾ ਨੁਮਾਇੰਦਿਆਂ ਨੂੰ ਥੋੜਾ ਬਹੁਤਾ ਵੀ ਕੰਮ ਕਰਵਾਉਣ ਦਾ ਸ਼ੌਂਕ ਹੈ ਤਾਂ ਇੱਟ ਉੱਤੇ ਇੱਟ ਲਾ ਕੇ ਚੱਲ ਰਹੇ ਕੰਮਾਂ ਨੂੰ ਸਮੇਂ-ਸਿਰ ਪੂਰਾ ਕਰਵਾਉਣ। ਸ. ਬਰਾੜ ਨੇ ਕਿਹਾ ਕਿ ਵੈਸੇ ਤਾਂ ਸਰਕਾਰਾਂ ਦਾ ਕੰਮ ਪੁਰਾਣੇ ਵਿਕਾਸ ਕਾਰਜਾਂ ਨੂੰ ਸਿਰੇ ਲਾਉਣਾ ਅਤੇ ਨਵੇਂ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣਾ ਹੁੰਦਾ ਹੈ ਪਰ ਮੌਜੂਦਾ ਕਾਂਗਰਸ ਸਰਕਾਰ ਸਿਰਫ ਪੁਰਾਣੇ ਕੰਮਾਂ ਨੂੰ ਹੀ ਸਿਰੇ ਲਾ ਦੇਵੇ, ਤਾਂ ਬਹੁਤ ਧੰਨਵਾਦ ਹੋਵੇਗਾ। ਉਨਾਂ ਕਿਹਾ ਕਿ ਕੈਪਟਨ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਹੈ ਅਤੇ ਇਸ ਅਸਲੀਅਤ ਨੂੰ ਲੋਕ ਸਮਝ ਚੁੱਕੇ ਹਨ।  ਇਸ ਮੌਕੇ ਉਨਾਂ ਨਾਲ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਕੌਂਸਲਰ ਕਾਲਾ ਬਜਾਜ, ਕੌਂਸਲਰ ਗੋਵਰਧਨ ਪੋਪਲੀ, ਕੌਂਸਲਰ ਮਨਜੀਤ ਧੰਮੂ, ਕੌਂਸਲਰ ਅਭਿਨਵ ਸਿੰਗਲਾ, ਵਿਕਾਸ ਬਾਂਸਲ, ਰਮੇਸ਼ ਗੁਲਾਟੀ, ਹਰਦਿਆਲ ਸਿੰਘ, ਯਾਦਵਿੰਦਰ ਸਿੰਘ ਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।