ਪੰਜਾਬੀ ਮਾਂ ਬੋਲੀ ਦਾ ਸਨਮਾਨ ਬਹਾਲ ਕਰਵਾਉਣ ਵਾਸਤੇ ਸੈਮੀਨਾਰ 5 ਨੂੰ-ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ
*ਸਾਰੀਆਂ ਸਹਿਤਕ ਸਭਾਵਾਂ ਅਤੇ ਪੰਜਾਬੀ ਮਾਂ ਬੋਲੀ ਲਈ ਚਿੰਤਕ ਜਥੇਬੰਦੀਆਂ ਦੇਣ ਸਾਥ -ਜਸਵੀਰ ਭਲੂਰੀਆ
ਨੱਥੂਵਾਲਾ ਗਰਬੀ, 28 ਅਕਤੂਬਰ (ਪੱਤਰ ਪਰੇਰਕ)-ਪੰਜਾਬੀ ਸੂਬਾ ਭਾਸ਼ਾ ਦੇ ਅਧਾਰ ਤੇ ਬਣਾਇਆ ਗਿਆ ਸੀ ਪਰ ਅੱਜ ਇਹ ਨਾਮ ਤੋਂ ਤਾਂ ਪੰਜਾਬੀ ਭਾਸ਼ਾ ਵਾਲਾ ਸੂਬਾ ਹੈ ਪਰ ਇਸ ਦੇ ਅੰਦਰ ਪੰਜਾਬੀ ਭਾਸ਼ਾ ਦੀ ਵੱਡੇ ਪੱਧਰ ‘ਤੇ ਬੇਕਦਰੀ ਕੀਤੀ ਜਾ ਰਹੀ ਹੈ। ਇੰਨਾ੍ਹ ਗੱਲਾਂ ਦਾ ਪ੍ਰਗਟਾਵਾ ਭਾਈ ਘਨੱਈਆ ਕੈਂਸਰ ਰੋੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਨੇ ਸਾਹਿਤ ਸਭਾ ਭਲੂਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ।ਸਭਾ ਦੇ ਪ੍ਰਧਾਨ ਜਸਵੀਰ ਭਲੂਰੀਏ ਦੇ ਗ੍ਰਹਿ ਭਲੂਰ ਵਿਖੇ ਹੋਈ ਮੀਟਿੰਗ ਦੌਰਾਨ 5 ਅਕਤੂਬਰ ਨੂੰ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਫਰੀਦਕੋਟ ‘ਤੇ ਕੀਤੇ ਜਾ ਰਹੇ ਪੰਜਾਬ ਪੱਧਰੀ ਸੈਮੀਨਾਰ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਨੂੰ ਰੋਕਣ ਵਾਸਤੇ ਅਤੇ ਇਸ ਨੂੰ ਬਣਦਾ ਮਾਣ ਸਨਮਾਨ ਬਹਾਲ ਕਰਵਾਉਣ ਵਾਸਤੇ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਜਸਵੰਤ ਕੰਵਲ ਵਰਗੇ ਨਾਮੀ ਸਾਹਿਤਕਾਰ,ਸੀਨੀਅਰ ਪੱਤਰਕਾਰ ,ਯੂਨੀਵਰਸਿਟੀ ਪੱਧਰ ਦੇ ਪ੍ਰੋਫੈਸਰ ਅਤੇ ਵੱਖ ਵੱਖ ਵਿੱਦਿਅਕ ਅਦਾਰਿਆ ਵਿੱਚ ਪੰਜਾਬੀ ਵਿਭਾਗ ਦੇ ਮੁਖੀਆਂ ਤੋਂ ਇਲਾਵਾ ਵੱਡੀ ਪੱਧਰ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵੀਰ ਪਹੁੰਚ ਰਹੇ ਹਨ।ਇਸ ਮੌਕੇ ਤੇ ਗੱਲ ਕਰਦੇ ਹੋਏ ਉੱਘੇ ਸਾਹਿਤਕਾਰ ਜਸਵੀਰ ਭਲੁੂਰੀਏ ਨੇ ਪੰਜਾਬ ਦੀਆਂ ਸਮੂਹ ਸਾਹਿਤਕ ਸਭਾਵਾਂ ਦੇ ਮੈਬਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋਣ ਅਤੇ 5 ਅਕਤੂਬਰ ਨੂੰ ਫਰੀਦਕੋਟ ਵਿਖੇ ਹੋ ਰਹੇ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਤਾ ਜੋ ਪੰਜਾਬੀ ਸੂਬੇ ਵਿੱਚ ਹੀ ਬੇਗਾਨੀ ਕੀਤੀ ਹੋਈ ਪੰਜਾਬੀ ਮਾਂ ਬੋਲੀ ਦਾ ਸਨਮਾਨ ਬਹਾਲ ਕਰਵਾਉਣ ਵਾਸਤੇ ਰੂਪ ਰੇਖਾ ਤਿਆਰ ਕੀਤੀ ਜਾ ਸਕੇ।ਇਸ ਮੌਕੇ ਤੇ ਉੱਘੇ ਸਮਾਜ ਸੇਵੀ ਅਤੇ ਸਾਹਿਤਕਾਰ ਮਾਸਟਰ ਬਿੱਕਰ ਸਿੰਘ, ਰਾਜਵੀਰ ਭਲੂਰੀਆ,ਪ੍ਰੀਤਮ ਸਿੰਘ ,ਡਾ: ਅਮਰਜੀਤ ਸਿੰਘ,ਬੇਅੰਤ ਸਿੰਘ ਗਿੱਲ ਆਦਿ ਹਾਜ਼ਰ ਸਨ।